ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ''ਚ 3 ਨਾਮਜ਼ਦ

2/24/2021 2:49:47 PM

ਘੱਗਾ (ਸਨੇਹੀ) : ਇੱਥੇ ਘੱਗਾ ਪੁਲਸ ਨੇ ਗੁਰਮੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਉਗੋਕੇ ਦੀ ਸ਼ਿਕਾਇਤ 'ਤੇ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ 3 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਆਪਣੀ ਸ਼ਿਕਾਇਤ 'ਚ ਗੁਰਮੀਤ ਕੌਰ ਨੇ ਦੱਸਿਆ ਕਿ ਸੁਰਜੀਤ ਸਿੰਘ ਉਸ ਦੇ ਜੇਠ ਦਾ ਪੁੱਤਰ ਹੈ। ਬੀਤੀ ਸਵੇਰ ਸਾਢੇ 10 ਵਜੇ ਦੇ ਕਰੀਬ ਸੁਰਜੀਤ ਸਿੰਘ ਅਤੇ ਉਸ ਦੇ ਪਰਿਵਾਰ ਵਾਲੇ ਸਰਕਾਰੀ ਗਲੀ ਦੀਆਂ ਇੱਟਾਂ ਪੁੱਟ ਕੇ ਮਿੱਟੀ ਪਾ ਕੇ ਦੁਬਾਰਾ ਉੱਚੀ ਕਰ ਰਹੇ ਸਨ।

ਇਸ ਕਾਰਨ ਸਾਨੂੰ ਪਰੇਸ਼ਾਨੀ ਆਉਣੀ ਸੀ ਪਰ ਜਦੋਂ ਮੈਂ ਉਨ੍ਹਾਂ ਨੂੰ ਇੰਝ ਕਰਨੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਮੇਰੀ ਅਤੇ ਮੇਰੀ ਨੂੰਹ ਸੁਖਦੀਪ ਕੌਰ ਦੀ ਕੁੱਟਮਾਰ ਕੀਤੀ ਅਤੇ ਸਾੜੇ ਕੱਪੜੇ ਪਾੜ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਮੇਰਾ ਪੁੱਤਰ ਜਤਿੰਦਰ ਸਿੰਘ ਮੌਕੇ ’ਤੇ ਪੁੱਜ ਕੇ ਸਾਨੂੰ ਛੁਡਵਾਉਣ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਲਹਾਲ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਨ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ, ਗੁਜਰਾਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਾਜਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਉਗੋਕੇ ਥਾਣਾ ਘੱਗਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


Babita

Content Editor Babita