ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ''ਤੇ 7 ਲੋਕਾਂ ਖਿਲਾਫ ਮਾਮਲਾ ਦਰਜ

Wednesday, Nov 20, 2019 - 11:21 AM (IST)

ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ''ਤੇ 7 ਲੋਕਾਂ ਖਿਲਾਫ ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਦਾਜ ਦੀ ਮੰਗ ਤੋਂ ਤੰਗ ਆ ਕੇ ਮਲੋਆ ਨਿਵਾਸੀ ਨੀਰੂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਮਲੋਆ ਥਾਣਾ ਪੁਲਸ ਨੇ 6 ਮਹੀਨਿਆਂ ਬਾਅਦ ਪਤੀ ਸਮੇਤ 7 ਲੋਕਾਂ 'ਤੇ ਦਾਜ, ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੇ ਭਰਾ ਅਮਰ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮਲੋਆ ਨਿਵਾਸੀ ਪਤੀ ਵਿਕਾਸ ਆਰੀਆ, ਸਹੁਰਾ ਚਮਨ ਲਾਲ, ਸੱਸ ਆਸ਼ਾ ਰਾਣੀ, ਵਿਸ਼ਾਲ ਆਰੀਆ, ਪੰਚਕੂਲਾ ਸਥਿਤ ਹਰੀਪੁਰ ਨਿਵਾਸੀ ਓਮਵਤੀ, ਪਵਨ ਕੁਮਾਰ ਅਤੇ ਕਰਨਾਲ ਨਿਵਾਸੀ ਸੁਮਨ ਨੂੰ ਮੁਲਜ਼ਮ ਬਣਾਇਆ ਹੈ। ਮਲੋਆ ਥਾਣਾ ਪੁਲਸ ਛੇਤੀ ਹੀ ਦਰਜ ਹੋਏ ਮਾਮਲਿਆਂ 'ਚ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੇਗੀ।
ਯਮੁਨਾਨਗਰ ਨਿਵਾਸੀ ਅਮਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਭੈਣ ਨੀਰੂ ਦਾ ਵਿਆਹ ਮਲੋਆ ਨਿਵਾਸੀ ਵਿਕਾਸ ਆਰੀਆ ਨਾਲ 25 ਮਾਰਚ, 2013 'ਚ ਹੋਇਆ ਸੀ। ਵਿਆਹ ਤੋਂ ਬਾਅਦ ਹੀ ਪਤੀ ਵਿਕਾਸ ਆਰੀਆ, ਸਹੁਰਾ ਚਮਨ ਲਾਲ, ਸੱਸ ਆਸ਼ਾ ਰਾਣੀ ਸਮੇਤ ਹੋਰ ਲੋਕ ਕਾਰ ਜਾਂ ਪੰਜ ਲੱਖ ਦੀ ਮੰਗ ਕਰਨ ਲੱਗੇ। ਉਹ ਉਸਦੀ ਭੈਣ ਨੀਰੂ ਨੂੰ ਆਏ ਦਿਨ ਦਾਜ ਦੀ ਮੰਗ ਨੂੰ ਲੈ ਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਲੱਗੇ। ਉਨ੍ਹਾਂ ਨੇ ਪੰਜ ਲੱਖ ਰੁਪਏ ਦੇ ਦਿੱਤੇ। 2014 'ਚ ਉਸਦੀ ਭੈਣ ਨੇ ਬੇਟੀ ਨੂੰ ਜਨਮ ਦਿੱਤਾ ਪਰ ਬੱਚੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦੀ ਭੈਣ ਨੂੰ ਦੁਬਾਰਾ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਉਨ੍ਹਾਂ ਕਈ ਵਾਰ ਉਸਦੇ ਸਹੁਰੇ ਪਰਿਵਾਰ ਨੂੰ ਪੈਸੇ ਦਿੱਤੇ। 6 ਮਈ, 2019 ਨੂੰ ਭੈਣ ਦੇ ਸਹੁਰੇ ਦਾ ਫੋਨ ਆਇਆ ਕਿ ਨੀਰੂ ਦੀ ਸਿਹਤ ਖ਼ਰਾਬ ਹੈ ਅਤੇ ਉਹ ਹਸਪਤਾਲ 'ਚ ਦਾਖਲ ਹੈ। ਉਹ ਆਪਣੇ ਪਿਤਾ ਨਾਲ ਹਸਪਤਾਲ 'ਚ ਪਹੁੰਚਿਆ ਤਾਂ ਭੈਣ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਮੌਜੂਦ ਪੁਲਸ ਵਾਲਿਆਂ ਨੇ ਉਸਦੇ ਅਤੇ ਪਿਤਾ ਦੇ ਖਾਲੀ ਕਾਗਜ਼ 'ਤੇ ਦਸਤਖਤ ਕਰਵਾ ਕੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਉਨ੍ਹਾਂ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਲੀਗਲ ਰਾਏ ਲੈਣ ਤੋਂ ਬਾਅਦ ਉਕਤ ਮੁਲਜ਼ਮਾਂ 'ਤੇ ਦਾਜ, ਕਤਲ ਦਾ ਮਾਮਲਾ ਦਰਜ ਕੀਤਾ।


author

Babita

Content Editor

Related News