ਵਿਆਹ ਲਈ ਬੁੱਕ ਕੀਤਾ ਰਿਜ਼ੋਰਟ ਕਰਵਾਇਆ ਕੈਂਸਲ ਪਰ ਨਹੀਂ ਮੋੜੇ ਪੈਸੇ, 15 ਹਜ਼ਾਰ ਹਰਜਾਨਾ

07/03/2024 12:46:58 PM

ਚੰਡੀਗੜ੍ਹ (ਪ੍ਰੀਕਸ਼ਿਤ) : ਧੀ ਦੇ ਵਿਆਹ ਲਈ ਬੁੱਕ ਕੀਤੇ ਬੈਂਕੁਏਟ ਹਾਲ ਦੀਆਂ ਸਹੂਲਤਾਂ ਪਸੰਦ ਨਾ ਆਉਣ ’ਤੇ ਜ਼ਿਲ੍ਹਾ ਖ਼ਪਤਕਾਰ ਨਿਵਾਰਨ ਕਮਿਸ਼ਨ ਨੇ ਡਰੀਮ ਪਾਮ ਰਿਜ਼ੋਰਟ ਨੂੰ ਸ਼ਿਕਾਇਤਕਰਤਾ ਵੱਲੋਂ ਅਦਾ ਕੀਤੀ ਗਈ ਬੁਕਿੰਗ ਦੀ ਰਕਮ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕਾਨੂੰਨੀ ਖ਼ਰਚੇ ਵਜੋਂ 15 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ। ਸ਼ਿਕਾਇਤਕਰਤਾ ਨੂੰ ਬੁਕਿੰਗ ਰਕਮ ਦਾ 30 ਫ਼ੀਸਦੀ ਹਿੱਸਾ ਕੱਟ ਕੇ ਮੋੜਿਆ ਜਾਵੇਗਾ।

ਰਾਜ ਕੁਮਾਰ ਵਾਸੀ ਜ਼ੀਰਕਪੁਰ ਨੇ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਧੀ ਦਾ ਵਿਆਹ 6 ਫਰਵਰੀ 2022 ਨੂੰ ਤੈਅ ਹੋਇਆ ਸੀ। 6 ਅਕਤੂਬਰ 2021 ਨੂੰ ਸ਼ਿਕਾਇਤਕਰਤਾ ਨੇ ਧੀ ਦੇ ਵਿਆਹ ਸਮਾਰੋਹ, ਕੈਟਰਿੰਗ ਸੇਵਾਵਾਂ ਲਈ ਡਰੀਮ ਪਾਮ ਰਿਜ਼ੋਰਟ ਬੈਂਕੁਏਟ ਹਾਲ ਦੀ ਬੁਕਿੰਗ ਕਰਵਾਉਣ ਲਈ ਸੰਪਰਕ ਕੀਤਾ ਸੀ। ਉਸ ਸਮੇਂ ਉਸ ਨੂੰ ਕੁੱਝ ਤਸਵੀਰਾਂ ਦਿਖਾਈਆਂ ਤੇ ਭਰੋਸਾ ਦਿਵਾਇਆ ਕਿ ਉਹ ਪਿਛਲੇ 5 ਸਾਲਾਂ ਤੋਂ ਗਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਹੋਟਲ ਵਾਲਿਆਂ ਨੇ ਬੁਕਿੰਗ ਲਈ ਕੁੱਝ ਐਡਵਾਂਸ ਰਕਮ ਦੇਣ ਲਈ ਕਿਹਾ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਚੈੱਕ ਰਾਹੀਂ 1,57,000 ਰੁਪਏ ਦੀ ਰਕਮ ਅਦਾ ਕਰ ਦਿੱਤੀ। ਸਮਾਰੋਹ ਦੀ ਕੁੱਲ ਰਕਮ 250 ਵਿਅਕਤੀਆਂ ਲਈ 6,50,000 ਤੈਅ ਕੀਤੀ ਗਈ ਸੀ। ਉਸ ਸਮੇਂ ਮੁਲਜ਼ਮ ਧਿਰ ਨੇ ਕੁੱਝ ਖ਼ਾਲੀ ਫਾਰਮਾਂ ’ਤੇ ਦਸਤਖ਼ਤ ਲੈ ਲਏ ਤੇ ਅਗਲੀ ਵਾਰ ਆਉਣ ’ਤੇ ਉਹ ਦਸਤਾਵੇਜ਼ ਉਸ ਨੂੰ ਦੇਣ ਦਾ ਭਰੋਸਾ ਦਿੱਤਾ ਸੀ।

ਜਦੋਂ ਸ਼ਿਕਾਇਤਕਰਤਾ ਨੇ 17 ਅਕਤੂਬਰ, 2021 ਨੂੰ ਬੈਂਕੁਏਟ ਹਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਖਾਣਾ ਤੇ ਸਜਾਵਟ ਦੱਸੇ ਅਨੁਸਾਰ ਨਹੀਂ ਸੀ। ਉਸ ਨੇ ਬੁਕਿੰਗ ਨੂੰ ਰੱਦ ਕਰਨ ਤੇ ਉਸ ਵੱਲੋਂ ਅਦਾ ਕੀਤੀ ਪੇਸ਼ਗੀ ਰਕਮ ਵਾਪਸ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਸੇ ਨਾ ਕਿਸੇ ਬਹਾਨੇ ਮਾਮਲੇ ਨੂੰ ਲਟਕਾ ਕੇ ਰੱਖਿਆ ਤੇ ਰਕਮ ਵਾਪਸ ਨਹੀਂ ਕੀਤੀ। ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ ਗਏ, ਜਿਸ ਤੋਂ ਬਾਅਦ ਖ਼ਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ।


Babita

Content Editor

Related News