ਆਪ੍ਰੇਸ਼ਨ ਲੋਟਸ ਦੇ ਪੂਰੇ ਡਿਜ਼ਾਇਨ ਦਾ ਹੋਣਾ ਹੈ ਪਰਦਾਫਾਸ਼, ਇਸ ਲਈ ਰੋਕਿਆ ਜਾ ਰਿਹਾ ਵਿਧਾਨਸਭਾ ਸੈਸ਼ਨ: ਹਰਪਾਲ ਚੀਮਾ
Sunday, Sep 25, 2022 - 04:44 PM (IST)
ਜਲੰਧਰ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਹੈ ਕਿ ਭਾਰਤੀ ਜਨਤਾ ਪਾਰਟੀ ‘ਆਪ੍ਰੇਸ਼ਨ ਲੋਟਸ’ ਦੇ ਪਰਦਾਫਾਸ਼ ਹੋਣ ਦੇ ਡਰੋਂ ਪੰਜਾਬ ਰਾਜ ਭਵਨ ਦੀ ਗੈਰ-ਸੰਵਿਧਾਨਕ ਤਰੀਕੇ ਨਾਲ ਵਰਤੋਂ ਕਰ ਰਹੀ ਹੈ। ਇਸੇ ਲਈ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਜਪਾਲ ਨੇ ਵਿਧਾਨ ਸਭਾ ਵਿਚ ਕੀਤੇ ਜਾਣ ਵਾਲੇ ਕਾਰੋਬਾਰ ਦਾ ਵੇਰਵਾ ਮੰਗਿਆ ਹੈ। ਵੇਰਵਿਆਂ ਦੀ ਮੰਗ ਕੀਤੀ ਗਈ ਹੈ ਕਿਉਂਕਿ ਭਾਜਪਾ ਹਾਈਕਮਾਂਡ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਵਿਚ ‘ਆਪ੍ਰੇਸ਼ਨ ਲੋਟਸ’ ਦੇ ਸਮੁੱਚੇ ਰੂਪ ਦਾ ਪਰਦਾਫਾਸ਼ ਕਰੇਗੀ। ਕੁਝ ਅਜਿਹੇ ਹੀ ਖ਼ੁਲਾਸਿਆਂ, ਭਖਦੇ ਮੁੱਦਿਆਂ, ਪੰਜਾਬ ਦੀ ਸਿਆਸਤ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਜਗ ਬਾਣੀ’ ਦੇ ਅਸ਼ਵਨੀ ਕੁਮਾਰ ਨਾਲ ਖੁੱਲ੍ਹ ਕੇ ਗੱਲ ਕੀਤੀ।
* ਪੰਜਾਬ ਦੇ ਰਾਜਪਾਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਹੈ। ਹੁਣ ਦੋਬਾਰਾ ਵਿਧਾਨ ਸਭਾ ਸੈਸ਼ਨ ਬੁਲਾਉਣ ’ਤੇ ਰਾਜਪਾਲ ਨੇ ਵਿਧਾਨ ਸਭਾ ਦੇ ਕੰਮਕਾਜ ਦਾ ਵੇਰਵਾ ਮੰਗਿਆ ਹੈ? ਇਸ ਬਾਰੇ ਕੀ ਕਹੋਗੇ?
ਇਸ ਮਾਮਲੇ ਦੀ ਪੂਰੀ ਸੱਚਾਈ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਰਾਜ ਭਵਨ ਦੀ ਵਰਤੋਂ ਕਰ ਰਹੀ ਹੈ। ਭਾਜਪਾ ਨੂੰ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਆਗਾਮੀ ਪੰਜਾਬ ਵਿਧਾਨ ਸਭਾ ਸੈਸਨ ਵਿਚ ਆਪ੍ਰੇਸ਼ਨ ਲੋਟਸ ਦਾ ਪਰਦਾਫਾਸ਼ ਕਰੇਗੀ। ਆਪ੍ਰੇਸ਼ਨ ਲੋਟਸ ਦੇ ਪੂਰੇ ਡਿਜ਼ਾਇਨ ਨੂੰ ਜਨਤਕ ਕੀਤਾ ਜਾਵੇਗਾ। ਇਸ ਆਪ੍ਰੇਸ਼ਨ ਵਿਚ ਕੌਣ-ਕੌਣ ਸ਼ਾਮਲ ਹੈ, ਇਹ ਦੱਸਿਆ ਜਾਵੇਗਾ। ਇਸ ਆਪ੍ਰੇਸ਼ਨ ਵਿਚ ਜਿਹੜੇ ਭਾਜਪਾ ਆਗੂ ਸ਼ਾਮਲ ਸਨ, ਉਨ੍ਹਾਂ ਦੇ ਨਾਮ ਵੀ ਸਾਹਮਣੇ ਆਉਣਗੇ। ਇਸੇ ਲਈ ਭਾਜਪਾ ਇਸ ਖਤਰੇ ਨੂੰ ਭਾਂਪਦਿਆਂ ਸਸਤਾ ਤਰੀਕਾ ਅਪਣਾ ਰਹੀ ਹੈ।\
ਇਹ ਵੀ ਪੜ੍ਹੋ:ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ
* ਪੰਜਾਬ ਦੇ ਰਾਜਪਾਲ ਅਤੇ ਸਰਕਾਰ ਦਰਮਿਆਨ ਟਕਰਾਅ ਦੀ ਸਥਿਤੀ ਚਿੰਤਾਜਨਕ ਹੈ। ਹੁਣ ਇਸ ਗੰਭੀਰ ਮੁੱਦੇ ’ਤੇ ਸਰਕਾਰ ਦਾ ਕੀ ਸਟੈਂਡ ਹੋਵੇਗਾ?
ਪੰਜਾਬ ਦੇ ਰਾਜਪਾਲ ਨਾਲ ਟਕਰਾਅ ਵਰਗੀ ਕੋਈ ਗੱਲ ਨਹੀਂ ਹੈ। ਰਾਜਪਾਲ ਵੱਲੋਂ ਜੋ ਵੀ ਪੱਤਰ ਭੇਜਿਆ ਗਿਆ ਹੈ, ਉਸ ਦਾ ਜਵਾਬ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਸਕੇ। ਸਰਕਾਰ ਦੇ ਪੱਧਰ ’ਤੇ ਸਿਰਫ਼ ਇੰਨਾ ਹੀ ਇਤਰਾਜ਼ ਹੈ ਕਿ ਅੱਜ ਤਕ ਰਾਜਪਾਲ ਨੇ ਕਦੇ ਵੀ ਕੰਮ ਦਾ ਵੇਰਵਾ ਨਹੀਂ ਮੰਗਿਆ। ਕਦੇ ਨਿਯਮਾਂ ਦੀ ਗੱਲ ਨਹੀਂ ਕੀਤੀ ਪਰ ਹੁਣ ਪੂਰੇ ਦੇਸ਼ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਪਿਆਰ ਤੋਂ ਭਾਜਪਾ ਬੌਖਲਾ ਗਈ ਹੈ ਅਤੇ ਪੰਜਾਬ ਦੇ ਰਾਜਪਾਲ ਰਾਹੀਂ ਸਰਕਾਰ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਸੱਚ ਤਾਂ ਇਹ ਹੈ ਕਿ ਭਾਜਪਾ ਲੋਕਤੰਤਰ ਲਈ ਖ਼ਤਰਾ ਬਣ ਚੁੱਕੀ ਹੈ।
* ਰਾਜਪਾਲ ਦੇ ਪੱਧਰ ’ਤੇ ਪੈਦਾ ਹੋਈ ਇਸ ਤਾਜ਼ਾ ਸਥਿਤੀ ਬਾਰੇ ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਪੱਧਰ ’ਤੇ ਵਾਰ-ਵਾਰ ਗਲਤੀਆਂ ਕਰ ਰਹੀ ਹੈ। ਇੱਥੋਂ ਤਕ ਕਿ ਵਿਧਾਨ ਸਭਾ ਵਿਚ ਬੁੱਤ ਲਗਾਉਣ ਵਰਗੇ ਗੁੰਮਰਾਹਕੁੰਨ ਗਲਤ ਫ਼ੈਸਲਿਆਂ ’ਤੇ ਮੋਹਰ ਲਗਾਈ ਗਈ, ਜਿਸ ਤੋਂ ਬਾਅਦ ਸਰਕਾਰ ਨੂੰ ਹੀ ਕਿਰਕਿਰੀ ਝੱਲਣੀ ਪਈ?
ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਸੂਬੇ ਦੇ ਲੋਕਾਂ ਲਈ ਇਤਿਹਾਸਕ ਫੈਸਲੇ ਲੈ ਰਹੀ ਹੈ ਅਤੇ ਵਿਰੋਧੀ ਧਿਰ ਦੇ ਦੋਸ਼ ਤੰਗ-ਪ੍ਰੇਸ਼ਾਨ ਕਰਨ ਤੋਂ ਸਿਵਾਏ ਕੁਝ ਨਹੀਂ ਹਨ। ਕਾਂਗਰਸ, ਭਾਜਪਾ, ਅਕਾਲੀ ਦਲ ਕੋਲ ਕਹਿਣ ਲਈ ਕੁਝ ਨਹੀਂ ਹੈ, ਇਸ ਲਈ ਜਾਣਬੁੱਝ ਕੇ ਸਰਕਾਰ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਇਹ ਵੀ ਪੜ੍ਹੋ: ਹੱਥ ਮਲਦੀ ਰਹਿ ਗਈ ਜਲੰਧਰ ਪੁਲਸ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਹੀਂ ਮਿਲਿਆ ਪ੍ਰੋਡਕਸ਼ਨ ਵਾਰੰਟ
* ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੜੀ ਗੰਭੀਰ ਗੱਲ ਕਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਲਈ ਏਕਨਾਥ ਸ਼ਿੰਦੇ ਸਾਬਿਤ ਹੋਣਗੇ। ਅਰਵਿੰਦ ਕੇਜਰੀਵਾਲ ਨੂੰ ਵੀ ਇਸ ਗੱਲ ਦਾ ਪਤਾ ਹੈ, ਤਾਂ ਦਿੱਲੀ ਵਿਚ ਰਾਸ਼ਟਰੀ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਬਗਲ ਵਿਚ ਬਿਠਾਇਆ?
ਇਸ ਗੱਲ ਦਾ ਕੋਈ ਆਧਾਰ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ ਕੰਪਨੀਆਂ ਦਾ ਨਿਵੇਸ਼ ਪੰਜਾਬ ਵਿਚ ਲਿਆਉਣ ਲਈ ਜਰਮਨੀ ਦੇ ਦੌਰੇ ’ਤੇ ਸਨ। ਕਿਸੇ ਕਾਰਨ ਮੁੱਖ ਮੰਤਰੀ ਨੂੰ ਜਰਮਨੀ ਤੋਂ ਦਿੱਲੀ ਜਾਣ ਲਈ ਦੇਰ ਹੋ ਗਈ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਨੈਸ਼ਨਲ ਕਾਨਫਰੰਸ ਵਿਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਈ। ਕਿਸੇ ਨਾਲ ਕੋਈ ਖਾਸ ਟ੍ਰੀਟਮੈਂਟ ਨਹੀਂ ਸੀ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ-ਪੰਜਾਬੀਅਤ ਦੇ ਹੱਕ ਵਿਚ ਫੈਸਲੇ ਲੈ ਰਹੇ ਹਨ। ਇਸ ਤੋਂ ਡਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
* ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਆਮ ਤੌਰ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਹਿੰਦਾ ਹੈ। ਤੁਸੀਂ ਹੀ ਦੱਸੋ ਕਿ ਪੰਜਾਬ ਦੇ ਖਜ਼ਾਨੇ ਦੀ ਸਥਿਤੀ, ਕਰਜ਼ੇ ਦੀ ਸਥਿਤੀ, ਆਮਦਨ ਦੀ ਸਥਿਤੀ ਕੀ ਹੈ?
ਪੰਜਾਬ ਦਾ ਖਜ਼ਾਨਾ ਦਿਨੋਂ-ਦਿਨ ਤੰਦਰੁਸਤ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਪੱਧਰ ’ਤੇ ਜੋ ਨੀਤੀਗਤ ਫੈਸਲੇ ਲਏ ਗਏ ਹਨ, ਉਨ੍ਹਾਂ ਕਾਰਨ ਪੰਜਾਬ ਦੇ ਮਾਲੀਏ ਵਿਚ ਚੋਖਾ ਵਾਧਾ ਹੋਇਆ ਹੈ। ਪੰਜਾਬ ਸਰਕਾਰ ਸਹੀ ਰਾਹ ’ਤੇ ਹੈ। ਜੋ ਟੀਚੇ ਤੈਅ ਕੀਤੇ ਗਏ ਸਨ, ਉਹ ਹਾਸਲ ਕਰ ਲਏ ਗਏ ਹਨ। ਇਸੇ ਲਈ 6 ਮਹੀਨਿਆਂ ਵਿਚ ਪਾਰਟੀ ਵਲੋਂ ਐਲਾਨੀਆਂ ਗਈਆਂ ਕਈ ਗਾਰੰਟੀਆਂ ਨੂੰ ਪੂਰਾ ਕੀਤਾ ਗਿਆ ਹੈ। ਬਾਕੀ ਗਾਰੰਟੀਆਂ ਵੀ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਪੰਜਾਬ ਵਿਚ ਇਹ ਵੀ ਪਹਿਲੀ ਵਾਰ ਹੈ ਕਿ ਸਰਕਾਰ ਪਹਿਲਾਂ ਚੜ੍ਹੇ ਕਰਜ਼ੇ ਦੀ ਵਾਪਸੀ ਕਰ ਰਹੀ ਹੈ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਲਗਾਤਾਰ ਘਟਾਇਆ ਜਾ ਰਿਹਾ ਹੈ।
* ਪੰਜਾਬ ਦੀ ਐਕਸਾਈਜ਼ ਪਾਲਿਸੀ ਬਾਰੇ ਦੋਸ਼ ਹੈ ਕਿ ਇਹ ਦਿੱਲੀ ਦੀ ਆਬਕਾਰੀ ਨੀਤੀ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਇਸ ਲਈ ਈ. ਡੀ. ਨੇ ਪੰਜਾਬ ਦੇ ਅਧਿਕਾਰੀਆਂ ਤੋਂ ਵੀ ਪੁੱਛਗਿਛ ਕੀਤੀ ਹੈ?
ਪੰਜਾਬ ਦੀ ਐਕਸਾਈਜ਼ ਪਾਲਿਸੀ ਕਾਫੀ ਸੋਚ-ਵਿਚਾਰ ਤੋਂ ਬਾਅਦ ਬਣਾਈ ਗਈ ਹੈ, ਇਸ ਲਈ ਪਹਿਲੀ ਵਾਰ 6200 ਕਰੋੜ ਰੁਪਏ ਦੀ ਬਜਾਏ 9600 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕਰਨ ਦਾ ਟੀਚਾ ਹੈ। ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦੇ ਵਿਕਾਸ ਕਾਰਜਾਂ ’ਤੇ ਖਰਚ ਹੋਣਾ ਹੈ। ਇਸ ਕਾਰਣ ਕਈਆਂ ਦੇ ਪੇਟ ਦਰਦ ਹੋ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਸਥਿਤ ਗੈਸ ਫੈਕਟਰੀ 'ਚ ਵੱਡਾ ਧਮਾਕਾ, ਇਕ ਦੀ ਮੌਤ
* ਮਾਲੀਏ ਦੇ ਲਿਹਾਜ਼ ਨਾਲ ਮਾਈਨਿੰਗ ਵਿਭਾਗ ਬਹੁਤ ਅਹਿਮ ਹੈ ਪਰ ਮਾਈਨਿੰਗ ਨੂੰ ਲੈ ਕੇ ਲਗਾਤਾਰ ਅੜਿੱਕੇ ਆ ਰਹੇ ਹਨ। ਕੀ ਇਸ ਨਾਲ ਪੰਜਾਬ ਦੇ ਖਜ਼ਾਨੇ ’ਤੇ ਅਸਰ ਪੈ ਰਿਹਾ ਹੈ?
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੱਧਰ ’ਤੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਲੱਗ ਰਹੀਆਂ ਹਨ। ਮਾਈਨਿੰਗ ਵਿਭਾਗ ਵੀ ਇਸ ਤੋਂ ਅਛੂਤਾ ਨਹੀਂ ਹੈ, ਜਿਸ ਦਾ ਅਸਰ ਸੁਭਾਵਿਕ ਹੀ ਹੈ। ਹਾਲਾਂਕਿ ਮਾਈਨਿੰਗ ਵਿਭਾਗ ਲਗਾਤਾਰ ਨੀਤੀਆਂ ਅਤੇ ਨਵੀਆਂ ਯੋਜਨਾਵਾਂ ਬਣਾਉਣ ’ਤੇ ਕੰਮ ਕਰ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਸਭ ਕੁਝ ਠੀਕ ਹੋ ਜਾਵੇਗਾ ਅਤੇ ਖਜ਼ਾਨੇ ਵਿਚ ਚੰਗਾ ਰੈਵੇਨਿਊ ਆਵੇਗਾ।
* ਪੰਜਾਬ ਸਰਕਾਰ ਨੇ ਪੰਜਾਬ ਯੋਜਨਾ ਬੋਰਡ ਦੀ ਥਾਂ ’ਤੇ ਨਵੀਂ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਗਠਨ ਕੀਤਾ ਸੀ ਪਰ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਬੋਰਡ ਸਿਰਫ਼ ਚਿਹਰਿਆਂ ਨੂੰ ਕੈਬਨਿਟ ਰੈਂਕ ਦੇਣ ਤੱਕ ਹੀ ਸੀਮਤ ਰਹਿ ਗਿਆ ਹੈ?
ਅਜਿਹਾ ਬਿਲਕੁਲ ਨਹੀਂ ਹੈ। ਬੋਰਡ ਪੱਧਰ ’ਤੇ ਪੰਜਾਬ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਅਮਲ ਵੀ ਕੀਤਾ ਜਾ ਰਿਹਾ ਹੈ। ਬੋਰਡ ਦੇ ਪੱਧਰ ’ਤੇ ਨਿਯੁਕਤ ਕੀਤੇ ਗਏ ਸਾਰੇ ਉਪ ਪ੍ਰਧਾਨਾਂ ਨੇ ਸਰਕਾਰ ਦੇ ਪੱਧਰ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਨਹੀਂ ਲਿਆ ਹੈ। ਸਾਰੇ ਅਧਿਕਾਰੀ ਬਿਨ੍ਹਾਂ ਕਿਸੇ ਲਾਭ ਦੇ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਕੰਮ ਕਰ ਰਹੇ ਹਨ।
* ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਅਸਫ਼ਲਤਾ ਦੇ ਦੋਸ਼ ਅਤੇ ਨੀਤੀਗਤ ਫ਼ੈਸਲਿਆਂ ਵਿਚ ਲੱਗ ਰਹੀਆਂ ਰੁਕਾਵਟਾਂ ਵਿਚਕਾਰ ਵਿੱਤ ਮੰਤਰੀ ਹੋਣ ਦੇ ਨਾਤੇ, ਤੁਸੀਂ 6 ਮਹੀਨਿਆਂ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਪਰਿਭਾਸ਼ਤ ਕਰੋਗੇ?
ਪੰਜਾਬ ਸਰਕਾਰ ਨੇ 6 ਮਹੀਨਿਆਂ ਵਿਚ ਤਮਾਮ ਅੜਚਨਾਂ ਦੇ ਬਾਵਜੂਦ ਕਈ ਲੋਕ ਹਿਤੈਸ਼ੀ ਕੰਮਾਂ ’ਤੇ ਮੋਹਰ ਲਗਾ ਦਿੱਤੀ ਹੈ। ਖਜ਼ਾਨੇ ਦੀ ਲੀਕੇਜ ਰੋਕ ਦਿੱਤੀ ਗਈ ਹੈ। 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਗਈ ਹੈ। ਇਸ ਕੜੀ ਵਿਚ ਵਿਧਾਇਕਾਂ ਨੂੰ ਪੈਨਸ਼ਨ, ਸਕੂਲੀ ਸਿੱਖਿਆ ਦੀ ਬਿਹਤਰੀ, ਉਚੇਰੀ ਸਿੱਖਿਆ ਦੇ ਬਜਟ ਵਿਚ ਵਾਧਾ, 100 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਸ਼ਹਾਦਤ ’ਤੇ 1 ਕਰੋੜ ਰੁਪਏ ਦਾ ਫੈਸਲਾ ਅਹਿਮ ਹੈ। ਆਮ ਤੌਰ ’ਤੇ ਪੰਜਾਬ ਵਿਚ ਹੁਣ ਤੱਕ ਸਰਕਾਰਾਂ ਆਖਰੀ 6 ਮਹੀਨਿਆਂ ਦੌਰਾਨ ਕੰਮ ਕਰਦੀਆਂ ਹਨ ਜਦੋਂਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ, ਜੋ ਪਹਿਲੇ 6 ਮਹੀਨਿਆਂ ਦੌਰਾਨ ਕੰਮ ਕਰ ਰਹੀ ਹੈ। ਜਿੱਥੋਂ ਤਕ ਦੋਸ਼ਾਂ ਅਤੇ ਅੜਿੱਕਿਆਂ ਦਾ ਸਵਾਲ ਹੈ, ਜੋ ਸਰਕਾਰ ਕੰਮ ਕਰੇਗੀ, ਉਸ ’ਤੇ ਦੋਸ਼ ਅਤੇ ਅੜਿੱਕੇ ਲੱਗਣਗੇ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜੋੜਾ ਘਰ ਨੇੜੇ ਗੈਂਗਵਾਰ, ਆਪਸ ’ਚ ਭਿੜੇ ਨੌਜਵਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ