ਫਾਇਨਾਂਸ ਕੰਪਨੀ ''ਚ ਮਹਿਲਾ ਕਰਮੀ ਤੋਂ ਪਿਸਤੌਲ ਦੀ ਨੋਕ ''ਤੇ ਨਗਦੀ ਖੋਹਣ ਵਾਲੇ ਕੀਤੇ ਤਿੰਨ ਕਾਬੂ

9/2/2020 6:03:38 PM

ਬੁਢਲਾਡਾ (ਬਾਂਸਲ) : ਫਾਇਨਾਂਸ ਕੰਪਨੀ ਦੇ ਦਫ਼ਤਰ ਵਿਚੋਂ ਪਿਸਤੌਲ ਦੀ ਨੋਕ 'ਤੇ ਮਹਿਲਾ ਕਰਮਚਾਰੀ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਲੰਮੀ ਜੱਦੋ-ਜਹਿਦ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਸਾਈਜਾ ਫਾਇਨਾਂਸ ਪ੍ਰਾਈਵੇਟ ਲਿਮਟਡ ਕੰਪਨੀ ਦੇ ਦਫਤਰ ਤੋਂ 23 ਸਤੰਬਰ 2019 ਨੂੰ ਦੋ ਅਣਪਛਾਤੇ ਵਿਅਕਤੀ ਦਫ਼ਤਰ ਵਿਚ ਦਾਖਲ ਹੋਏ ਅਤੇ ਉਸ ਸਮੇਂ ਦਫਤਰ ਵਿਚ ਕਰਜ਼ੇ ਦੀਆ ਕਿਸ਼ਤਾਂ ਇਕੱਠੀਆਂ ਕਰ ਰਹੀ ਮਹਿਲਾ ਰੈਨੂੰ ਬਾਲਾ ਨੂੰ ਪਿੰਡ ਗੁਰਨੇ ਦੇ ਵਸਨੀਕ ਦੱਸ ਕੇ ਕਿਸੇ ਔਰਤ ਦਾ ਨਾਮ ਲੈ ਕੇ ਉਸ ਦੀ ਕਿਸ਼ਤ ਸਬੰਧੀ ਗੱਲਬਾਤ ਕਰਦੇ ਹੋਏ ਆਪਣੇ ਆਪ ਲਈ ਕਰਜ਼ਾ ਦੀ ਮੰਗ ਕੀਤੀ ਅਤੇ ਇਸ ਦੌਰਾਨ ਟੇਬਲ 'ਤੇ ਪਈ ਨਗਦੀ ਜੋ 11 ਹਜ਼ਾਰ 282 ਰੁਪਏ ਅਤੇ ਮੋਬਾਇਲ ਚੁੱਕ ਲਿਆ ਅਤੇ ਪਿਸਤੌਲ ਤਾਣਕੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਮਹਿਲਾ ਨੇ ਰੌਲਾ ਪਾ ਦਿੱਤਾ।

ਇਸ ਦਰਾਨ ਬਾਹਰ ਖੜ੍ਹੇ ਇਕ ਹੋਰ ਮੋਟਰਸਾਇਕਲ ਸਵਾਰ ਵਿਅਕਤੀ ਨਾਲ ਫਰਾਰ ਹੋ ਗਏ ਸਨ। ਅੱਜ ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਛੀਨਾ ਪੁਲਸ ਪਾਰਟੀ ਸਮੇਤ ਕੁਲਾਣਾ ਫਾਟਕ ਦੇ ਨਜ਼ਦੀਕ ਸ਼ੱਕੀ ਹਾਲਤ ਵਿਚ ਘੁੰਮ ਰਹੇ ਤਿੰਨ ਵਿਅਕਤੀ ਜਿਨ੍ਹਾਂ ਦੀ ਸ਼ਨਾਖਤ ਪ੍ਰਦੀਪ ਕੁਮਾਰ ਡੋਲੂ, ਜਨਕ ਰਾਜ, ਦਿਪਾਸ਼ੂ ਵਜੋਂ ਹੋਈ ਅਤੇ ਪੁੱਛਗਿੱਛ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਸੰਬੰਧੀ ਪਤਾ ਲੱਗਿਆ ਕਿ ਇਹ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਫਾਇਨਾਸ ਕੰਪਨੀ ਦੇ ਦਫਤਰ ਵਿਚੋਂ ਪੈਸੇ ਖੋਹੇ ਸਨ। ਜੋ ਮੁਕੱਦਮੇ ਵਿਚ ਪਹਿਲਾਂ ਹੀ ਨਾਮਜ਼ਦ ਸਨ। ਇਸ ਮੌਕੇ ਐੱਸ. ਐੱਚ. ਓ. ਸਿਟੀ ਗੁਰਲਾਲ ਸਿੰਘ ਆਦਿ ਹਾਜ਼ਰ ਸਨ।


Gurminder Singh

Content Editor Gurminder Singh