5 ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੀ ਹੈ ਵਿਧਵਾ

Friday, Mar 09, 2018 - 07:54 AM (IST)

5 ਮਹੀਨਿਆਂ ਤੋਂ ਇਨਸਾਫ਼ ਲਈ ਭਟਕ ਰਹੀ ਹੈ ਵਿਧਵਾ

ਫ਼ਰੀਦਕੋਟ (ਹਾਲੀ) - ਫ਼ਰੀਦਕੋਟ ਦੀ ਵਸਨੀਕ ਵਿਧਵਾ ਪਰਮਜੀਤ ਕੌਰ ਪਿਛਲੇ 5 ਮਹੀਨਿਆਂ ਤੋਂ ਉਸ ਦੀ ਹੋਈ ਕੁੱਟ-ਮਾਰ ਖਿਲਾਫ਼ ਦਰਜ ਹੋਏ ਕੇਸ 'ਚ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕਰਵਾਉਣ ਅਤੇ ਇਨਸਾਫ਼ ਲਈ ਭਟਕ ਰਹੀ ਹੈ। ਜ਼ਿਲਾ ਪੁਲਸ ਮੁਖੀ ਤੇ ਹੋਰ ਅਧਿਕਾਰੀਆਂ ਨੂੰ ਵਾਰ-ਵਾਰ ਦਰਖ਼ਾਸਤਾਂ ਦੇਣ ਤੋਂ ਬਾਅਦ ਵੀ ਨਾ ਤਾਂ ਕੋਈ ਕਾਰਵਾਈ ਹੋ ਰਹੀ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਵਿਧਵਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਫ਼ਰੀਦਕੋਟ ਨਿਵਾਸੀ ਕੁਝ ਵਿਅਕਤੀਆਂ ਨਾਲ ਝਗੜਾ ਸੀ, ਜਿਨ੍ਹਾਂ ਨੇ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਅਤੇ ਉਸ ਦੇ ਬੱਚਿਆਂ ਦੀ ਕੁੱਟ-ਮਾਰ ਕੀਤੀ। ਇਸ ਸਬੰਧੀ ਪੁਲਸ ਨੇ 25 ਅਕਤੂਬਰ ਨੂੰ 5 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਸੀ। ਉਸ ਨੇ ਦੱਸਿਆ ਕਿ ਪਰਚੇ ਉਪਰੰਤ ਪੁਲਸ ਵੱਲੋਂ ਸਿਆਸੀ ਸ਼ਹਿ 'ਤੇ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪਰਚੇ ਵਿਚ ਨਾਮਜ਼ਦ ਵਿਅਕਤੀ ਲਗਾਤਾਰ ਉਸ ਨੂੰ ਕਥਿਤ ਤੌਰ 'ਤੇ ਧਮਕੀਆਂ ਦੇ ਰਹੇ ਹਨ ਅਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ। ਪੀੜਤਾ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ 9 ਨਵੰਬਰ ਨੂੰ ਐੱਸ. ਐੱਸ. ਪੀ. ਫ਼ਰੀਦਕੋਟ, ਭਾਰਤ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਅਤੇ ਹੋਰਨਾਂ ਨੂੰ ਦਰਾਖ਼ਸਤਾਂ ਭੇਜੀਆਂ ਸਨ, ਜਿਨ੍ਹਾਂ 'ਤੇ 19 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਅਤੇ 2 ਫ਼ਰਵਰੀ, 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਦਫ਼ਤਰੋਂ ਪੱਤਰ ਭੇਜ ਕੇ ਦੱਸਿਆ ਗਿਆ ਹੈ ਕਿ ਉਸ ਦੀ ਦਰਖ਼ਾਸਤ 'ਤੇ ਕਾਰਵਾਈ ਲਈ ਜ਼ਿਲਾ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।
ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ਼ ਲੈਣ ਲਈ ਜੰਗ ਲੜੇਗੀ।
ਇਸ ਸਬੰਧੀ ਐੱਸ. ਪੀ. ਡੀ. ਸੇਵਾ ਸਿੰਘ ਮੱਲ੍ਹੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਨੀਅਰ ਪੁਲਸ ਕਪਤਾਨ ਵੱਲੋਂ ਕਾਰਵਾਈ ਕਰਨ ਲਈ ਥਾਣਾ ਸਿਟੀ ਨੂੰ ਹਦਾਇਤ ਕੀਤੀ ਹੋਈ ਹੈ ਅਤੇ ਪੁਲਸ ਬਣਦੀ ਕਾਰਵਾਈ ਕਰ ਰਹੀ ਹੈ।


Related News