ਲੇਬਨਾਨ ਸੰਕਟ ''ਚ ਫਸੇ 5 ਪੰਜਾਬੀ ਨੌਜਵਾਨਾਂ ਲਈ ਮਸੀਹਾ ਬਣੀ ''ਖਾਲਸਾ ਏਡ'', ਸੁਰੱਖਿਅਤ ਕਰਵਾਈ ਵਤਨ ਵਾਪਸੀ

Thursday, Jun 18, 2026 - 04:06 AM (IST)

ਲੇਬਨਾਨ ਸੰਕਟ ''ਚ ਫਸੇ 5 ਪੰਜਾਬੀ ਨੌਜਵਾਨਾਂ ਲਈ ਮਸੀਹਾ ਬਣੀ ''ਖਾਲਸਾ ਏਡ'', ਸੁਰੱਖਿਅਤ ਕਰਵਾਈ ਵਤਨ ਵਾਪਸੀ

ਜਲੰਧਰ (ਅਰੋੜਾ) : ਵਿਸ਼ਵ ਪੱਧਰ ’ਤੇ ਕੁਦਰਤੀ ਆਫ਼ਤਾਂ ਵਿਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ‘ਖ਼ਾਲਸਾ ਏਡ’ ਨੇ ਇਕ ਵਾਰ ਫਿਰ ਤੋਂ ਇਨਸਾਨੀਅਤ ਦੀ ਸੇਵਾ ਕਰਦਿਆਂ ਲੇਬਨਾਨ ਵਿਚ ਸੰਕਟ ’ਚ ਫਸੇ ਪੰਜਾਬ ਦੇ 5 ਨੌਜਵਾਨਾਂ ਨੂੰ ਘਰ ਪਹੁੰਚਾਉਣ ਵਿਚ ਮਦਦ ਕੀਤੀ ਹੈ।

ਇਸ ਸਬੰਧੀ ‘ਖ਼ਾਲਸਾ ਏਡ’ ਭਾਰਤ ਦੇ ਟਰੱਸਟੀ ਜਸਵੰਤ ਸਿੰਘ ਦਾਹੀਆ ਨੇ ਦੱਸਿਆ ਕਿ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਵੱਲੋਂ ਕੀਤੇ ਗਏ ਯਤਨਾਂ ਸਦਕਾ ਲੇਬਨਾਨ ਵਿਚ ਮੁਸੀਬਤ ’ਚ ਫਸੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਬੈਰੂਤ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪ੍ਰਿਤਪਾਲ ਸਿੰਘ ਜ਼ਰੀਏ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨਾਲ ਸੰਕਟ ਵਿਚ ਫਸੇ ਪੰਜਾਬ ਦੇ ਨੌਜਵਾਨਾਂ ਪਟਿਆਲਾ ਦੇ ਕਰਮ ਸਿੰਘ ਤੇ ਜਸਪ੍ਰੀਤ ਸਿੰਘ, ਜਲੰਧਰ ਤੋਂ ਦਲਬੀਰ ਸਿੰਘ ਤੇ ਹਰਜਿੰਦਰ ਕੁਮਾਰ, ਹੁਸ਼ਿਆਰਪੁਰ ਦੇ ਬਚਿੱਤਰ ਸਿੰਘ ਅਤੇ ਹੋਰ ਨੌਜਵਾਨਾਂ ਨੇ ਜਦੋਂ ਆਪਣੀ ਦੁਖਭਰੀ ਦਾਸਤਾਨ ਸਾਂਝੀ ਕੀਤੀ, ਤਾਂ ਉਨ੍ਹਾਂ ਨੇ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਦਿੱਲੀ ਦੇ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਅਤੇ ਬੈਰੂਤ ਸਥਿਤ ਭਾਰਤੀ ਅੰਬੈਸੀ ਨਾਲ ਤਾਲਮੇਲ ਸਥਾਪਿਤ ਕਰ ਕੇ ਤਰਨਜੀਤ ਸਿੰਘ ਸੰਧੂ ਦੇ ਸਹਿਯੋਗ ਸਦਕਾ ਇਨ੍ਹਾਂ ਪੰਜ ਨੌਜਵਾਨਾਂ ਨੂੰ ਵਾਪਸ ਘਰ ਪਹੁੰਚਾਉਣ ਵਿਚ ਮਦਦ ਕੀਤੀ ਗਈ।

ਇਹ ਵੀ ਪੜ੍ਹੋ : 15 ਜੁਲਾਈ ਤੋਂ ਲਾਗੂ ਹੋਵੇਗਾ ਭਾਰਤ-ਬ੍ਰਿਟੇਨ ਵਪਾਰ ਸਮਝੌਤਾ, ਇਹ ਚੀਜ਼ਾਂ ਹੋਣਗੀਆਂ ਸਸਤੀਆਂ

ਪ੍ਰੈੱਸ ਕਾਨਫਰੰਸ ਵਿਚ ਹਾਜ਼ਰ ਪਟਿਆਲਾ ਦੇ ਕਰਮ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 12 ਸਾਲ ਪਹਿਲਾਂ ਇਕ ਕੰਪਨੀ ਰਾਹੀਂ ਲੇਬਨਾਨ ਪਹੁੰਚੇ ਸਨ। ਤਿੰਨ-ਚਾਰ ਸਾਲ ਤੱਕ ਤਾਂ ਸਭ ਠੀਕ ਚੱਲਦਾ ਰਿਹਾ, ਪਰ ਬਾਅਦ ਵਿਚ ਕੰਪਨੀ ਵੱਲੋਂ ਤੰਗ ਕੀਤੇ ਜਾਣ ਕਾਰਨ ਉਹ ਮਾਨਸਿਕ ਤਣਾਅ ਵਿਚ ਆ ਗਏ। ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਵੱਲੋਂ ਕੀਤੀ ਗਈ ਮਦਦ ਨਾਲ ਉਹ ਹੁਣ ਆਪਣੇ ਪਰਿਵਾਰ ਵਿਚ ਸਹੀ-ਸਲਾਮਤ ਹਨ। ਜਲੰਧਰ ਤੋਂ ਦਲਬੀਰ ਸਿੰਘ, ਹਰਜਿੰਦਰ ਕੁਮਾਰ ਅਤੇ ਹੁਸ਼ਿਆਰਪੁਰ ਦੇ ਵਿਚਿੱਤਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਪਹਿਲਾਂ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਪਰ ਕੁਝ ਸਮੇਂ ਬਾਅਦ ਕੰਪਨੀ ਵੱਲੋਂ ਉਨ੍ਹਾਂ ਨੂੰ ਤੰਗ ਕੀਤਾ ਜਾਣ ਲੱਗਾ, ਜਿਵੇਂ ਸਮੇਂ ਸਿਰ ਤਨਖ਼ਾਹ ਨਾ ਦੇਣੀ, ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨਾ ਦੇਣੀਆਂ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। 'ਖਾਲਸਾ ਏਡ' ਦੀ ਸਹਾਇਤਾ ਨਾਲ ਸਾਡਾ ਭਾਰਤ ਆਉਣ ਦਾ ਰਸਤਾ ਸਾਫ ਹੋਇਆ।

‘ਖ਼ਾਲਸਾ ਏਡ’ ਦੇ ਭਾਰਤੀ ਟਰੱਸਟੀ ਜਸਵੰਤ ਸਿੰਘ ਦਾਹੀਆ ਨੇ ਦੱਸਿਆ ਕਿ ‘ਖ਼ਾਲਸਾ ਏਡ’ ਦਾ ਮਿਸ਼ਨ ਸਿਰਫ਼ ਕੁਦਰਤੀ ਆਫ਼ਤਾਂ ਵਿਚ ਫਸੇ ਲੋਕਾਂ ਨੂੰ ਰਾਹਤ ਦੇਣਾ ਹੀ ਨਹੀਂ, ਸਗੋਂ ਸੰਕਟ ਦੇ ਸਮੇਂ ਲੋਕਾਂ ਨੂੰ ਸੁਰੱਖਿਆ, ਸਨਮਾਨ ਅਤੇ ਨਵੀਂ ਉਮੀਦ ਦੇਣਾ ਵੀ ਉਨ੍ਹਾਂ ਦਾ ਮਕਸਦ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਗਗਨਦੀਪ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਪਵਿੱਤਰ ਸਿੰਘ, ਇੰਦਰਜੀਤ ਸਿੰਘ ਆਦਿ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News