ਘਰ ਸਾਹਮਣੇ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਭਿੜੇ ਗੁਆਂਢੀ, ਵਾਹਨਾਂ ਦੀ ਕੀਤੀ ਭੰਨਤੋੜ

Wednesday, Aug 14, 2024 - 05:11 PM (IST)

ਘਰ ਸਾਹਮਣੇ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਭਿੜੇ ਗੁਆਂਢੀ, ਵਾਹਨਾਂ ਦੀ ਕੀਤੀ ਭੰਨਤੋੜ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਪੰਜਪੀਰ ਨਗਰ ਵਿਖੇ ਘਰ ਦੇ ਸਾਹਮਣੇ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਹੋਈ ਲੜਾਈ 'ਚ ਇਕ ਔਰਤ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਦੋਹਾਂ ਧਿਰਾਂ ਨੇ ਇਕ-ਦੂਜੇ ’ਤੇ ਇੱਟਾਂ ਚਲਾ ਕੇ ਇਕ-ਦੂਜੇ ਦੇ ਵਾਹਨਾਂ ਦੀ ਭੰਨਤੋੜ ਕਰਨ ਦੇ ਦੋਸ਼ ਲਾਏ ਹਨ। ਹਸਪਤਾਲ 'ਚ ਜ਼ੇਰੇ ਇਲਾਜ ਪ੍ਰਿਅੰਕਾ ਨੇ ਦੱਸਿਆ ਕਿ ਉਹ 8 ਮਹੀਨੇ ਦੀ ਗਰਭਵਤੀ ਹੈ ਅਤੇ ਆਪਣੀ ਨਾਨੀ ਦੇ ਘਰ ਆਈ ਹੋਈ ਹੈ।

ਜਦੋਂ ਉਹ ਖਾਣਾ ਬਣਾ ਰਹੇ ਸੀ ਤਾਂ ਕਿਸੇ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਮੋਟਰਸਾਈਕਲ ਖੜ੍ਹਾ ਕਰ ਦਿੱਤਾ। ਜਦੋਂ ਉਸ ਦੇ ਪਤੀ ਨੇ ਗੁਆਂਢੀਆਂ ਨੂੰ ਮੋਟਰਸਾਈਕਲ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ। ਜਦੋਂ ਉਹ ਵਿੱਚ-ਬਚਾਅ ਕਰਨ ਗਈ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਦੂਜੀ ਧਿਰ ਦੇ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਾਣ-ਪਛਾਣ ਵਾਲੇ ਕੋਲੋਂ ਸਰੀਆ ਲੈਣ ਗਿਆ ਸੀ, ਜਿਸ ਕਾਰਨ ਉਸ ਨੇ ਮੋਟਰਸਾਈਕਲ ਉਸ ਦੇ ਘਰ ਦੇ ਸਾਹਮਣੇ ਖੜ੍ਹਾ ਕਰ ਦਿੱਤਾ।

ਉਸਨੂੰ ਇਹ ਨਹੀਂ ਪਤਾ ਸੀ ਕਿ ਦੋਹਾਂ ਗੁਆਂਢੀਆਂ ਵਿੱਚ ਝਗੜਾ ਹੈ। ਜਦੋਂ ਉਹ ਸਰੀਆ ਲੱਦਣ ਲਈ ਟੈਂਪੂ ਲੈਣ ਗਿਆ ਤਾਂ ਦੋਵੇਂ ਧਿਰਾਂ ਆਪਸ ਵਿੱਚ ਲੜਨ ਲੱਗੀਆਂ ਅਤੇ ਉਸ ਦੇ ਮੋਟਰਸਾਈਕਲ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਤਦ ਉਨ੍ਹਾਂ ਵੀ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ। ਕੁੱਟਮਾਰ ਅਤੇ ਭੰਨ ਤੋੜ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ।


author

Babita

Content Editor

Related News