‘ਨਸ਼ਿਆਂ ਖਿਲਾਫ ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਹੇਠ ਨੌਜਵਾਨ ਉਤਰੇ ਸਡ਼ਕਾਂ ’ਤੇ

Tuesday, Jul 03, 2018 - 05:33 AM (IST)

‘ਨਸ਼ਿਆਂ ਖਿਲਾਫ ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਹੇਠ ਨੌਜਵਾਨ ਉਤਰੇ ਸਡ਼ਕਾਂ ’ਤੇ

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ, ਯਾਸੀਨ)- ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਪੰਜਾਬ ’ਚ ਫੈਲੇ ‘ਨਸ਼ਿਆਂ ਖਿਲਾਫ ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਹੇਠ ਸ਼ਹਿਰ ਦੇ ਬਾਜ਼ਾਰਾਂ ’ਚ ਕੈਪਟਨ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰਨ ਉਪਰੰਤ  ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ, ਜ਼ਿਲਾ ਪ੍ਰਧਾਨ ਬਿੱਕਰ ਸਿੰਘ ਹਥੋਆ, ਕਨਵੀਨਰ ਨਵਦੀਪ ਸਿੰਘ ਮੰਨਵੀਂ, ਜਸਪ੍ਰੀਤ ਸਿੰਘ ਦੁੱਗਰੀ, ਮੁਹੰਮਦ ਅਮਜ਼ਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ  ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਉਪੰਤ ਚਾਰ ਹਫਤਿਆਂ ’ਚ ਪੰਜਾਬ ’ਚੋਂ ਨਸ਼ਾ ਖਤਮ ਕੀਤਾ ਜਾਵੇਗਾ ਪਰ ਸਰਕਾਰ ਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ ਸਗੋਂ ਨਸ਼ੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਹੀ ਖਤਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜਿਸ ਤੋਂ ਪੰਜਾਬ ਸਰਕਾਰ ਭਲੀ-ਭਾਂਤ ਜਾਣੂ ਹੈ ਫਿਰ ਵੀ ਸਰਕਾਰ ਦੇ ਕੰਨਾਂ ’ਤੇ ਜੂੰਂ ਤੱਕ ਨਹੀਂ ਸਰਕਦੀ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਕਹਿਰ ਪੁਲਸ ਅਤੇ ਨਸ਼ੇ ਦੇ ਸੌਦਾਗਰਾਂ ਸਮੇਤ ਸਿਆਸੀ ਆਗੂਆਂ ਦੀ ਕਥਿਤ ਮਿਲੀਭੁਗਤ ਨਾਲ ਚੱਲਦਾ ਹੈ। 
ਇਸ ਮੌਕੇ ਸਭਾ ਦੇ ਆਗੂਆਂ ਨੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਦੀ ਰਿਪੋਰਟ ਨੂੰ ਜਨਤਕ ਕਰ ਕੇ ਉਸ ਰਿਪੋਰਟ ’ਚ ਸ਼ਾਮਲ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਕਾਲੇ ਹਫਤੇ ਤਹਿਤ ਪਿੰਡਾਂ ਅੰਦਰ ਨਾਟਕ ਮੇਲੇ, ਮਸ਼ਾਲ ਮਾਰਚ ਅਤੇ ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਬੁਰਜ, ਸਫੀ ਮੁਹੰਮਦ, ਪ੍ਰਦੀਪ ਸਿੰਘ, ਸੋਨੀ ਮਹਿਬੂਬਪੁਰਾ, ਅੰਮ੍ਰਿਤ ਗੋਸਲਾਂ, ਗੋਲਡੀ, ਜਸਪਿੰਦਰ ਸਿੰਘ, ਹਰਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
 ਭਵਾਨੀਗਡ਼੍ਹ,  (ਅੱਤਰੀ/ਸੋਢੀ)- ਅੱਜ ਪਿੰਡ ਕਾਕਡ਼ਾ ਵਿਖੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਖਾਸ ਤੌਰ ’ਤੇ ਨੌਜਵਾਨਾਂ ਦੀ ਮੀਟਿੰਗ ਗੁਰਦੁਆਰਾ ਦੀਵਾਨ ਟੋਡਰ ਮੱਲ ਵਿਖੇ ਹੋਈ। ਮੀਟਿੰਗ ’ਚ ਨਸ਼ੇ ਦਾ ਮੁੱਦਾ ਜੋ ਸਾਰੇ ਪੰਜਾਬ ਵਿਚ 1 ਜੁਲਾਈ ਤੋਂ 7 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ। ਉਸ ਸਬੰਧੀ ਵਿਚਾਰ -ਵਟਾਂਦਰਾ ਕੀਤਾ ਗਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ।
ਇਕੱਤਰ ਹੋਏ ਸਾਰੇ ਸੱਜਣਾਂ ਨੇ ਇਕ ਸੁਰ ਹੋ ਕੇ ਕਿਹਾ ਕਿ ਜੋ ਪਿੰਡ ਵਿਚ ਨਸ਼ੇ ਵੇਚਦੇ ਹਨ ਉਨ੍ਹਾਂ ਨੂੰ ਰਲਕੇ ਪੁਲਸ ਕੋਲ ਫਡ਼ਾਇਆ ਜਾਵੇਗਾ। ਜਿਹਡ਼ੇ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਪ੍ਰੇਰ ਕੇ  ਨਸ਼ਾ ਛੁਡਾਇਆ ਜਾਵੇ ਅਤੇ ਵਧੀਆ ਜ਼ਿੰਦਗੀ ਬਸਰ ਕਰ ਸਕਣ। ਪਿੰਡ ’ਚ 3 ਜੁਲਾਈ ਨੂੰ ਇਕ ਨਸ਼ਿਆਂ ਖਿਲਾਫ ਰੋਸ ਰੈਲੀ ਵੀ ਕੀਤੀ ਜਾਵੇਗੀ। ਇਸ ਸਮੇਂ ਪ੍ਰਿਤਪਾਲ ਸਿੰਘ ਗਿੱਲ, ਹਰਵਿੰਦਰ ਸਿੰਘ ਕਾਕਡ਼ਾ, ਰਵਜਿੰਦਰ ਸਿੰਘ ਕਾਕਡ਼ਾ, ਮਾਸਟਰ ਮਨਜੀਤ ਸਿੰਘ, ਗਗਨਦੀਪ ਸਿੰਘ ਗੋਲਡੀ, ਬਲਵਰ ਸਿੰਘ ਤੁੰਗ, ਸਰਬਜੀਤ ਸਿੰਘ ਹੈਪੀ, ਹਰਜੀਤ ਸਿੰਘ ਕਲੱਬ ਪ੍ਰਧਾਨ, ਦਿਲਬਾਗ ਸਿੰਘ ਵਿਰਕ ਅਤੇ ਸੁਖਦੇਵ ਸਿੰਘ ਚੱਠਾ ਹਾਜ਼ਰ ਸਨ।
ਪੰਜਾਬ ’ਚ ਵਧ ਰਹੇ ਨਸ਼ਿਆਂ ਖਿਲਾਫ ਭਾਜਪਾ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾPunjabKesari
 ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ) : ਪੰਜਾਬ ’ਚ ਵਧ ਰਹੇ ਨਸ਼ਿਆਂ ਦੇ ਖਿਲਾਫ ਜ਼ਿਲਾ  ਭਾਜਪਾ ਵਲੋਂ ਨਹਿਰੂ ਦੇ ਬੁੱਤ ਨਜ਼ਦੀਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।  ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲਾ  ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਕਿਹਾ ਕਿ ਪੰਜਾਬ ’ਚ ਕੈਪਟਨ ਦੀ ਸਰਕਾਰ ਨਸ਼ਿਆਂ ਦੀ ਸਰਕਾਰ ਹੈ। ਕਾਂਗਰਸ ਸਰਕਾਰ ਵਲੋਂ ਨਸ਼ਾ ਸਮੱਗਲਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ’ਚ ਲੈ ਕੇ ਸਹੁੰ ਖਾਧੀ ਸੀ ਕਿ ਪੰਜਾਬ ’ਚੋਂ ਨਸ਼ਾ ਬਿਲਕੁੱਲ ਖ਼ਤਮ ਕਰ ਦਿੱਤਾ ਜਾਵੇਗਾ। ਨਸ਼ੇ ਨੇ ਤਾਂ ਖਤਮ ਕੀ ਹੋਣਾ ਸੀ ਉਲਟਾ ਪਹਿਲਾਂ ਨਾਲੋਂ ਨਸ਼ਾ ਚਾਰ ਗੁਣਾ ਵਧ ਗਿਆ। ਨਸ਼ੇ ਦੇ ਓਵਰਡੋਜ਼ ਲੈ ਕੇ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਪਿਛਲੇ 15 ਦਿਨਾਂ ’ਚ ਹੀ ਅੱਧੀ ਦਰਜ਼ਨ ਤੋਂ ਵੱਧ ਨੌਜਵਾਨ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ। ਇਸ ਸਮੇਂ ਭਾਜਪਾ ਦੇ ਜ਼ਿਲਾ  ਜਨਰਲ ਸਕੱਤਰ ਪ੍ਰਵੀਨ ਬਾਂਸਲ ਸੰਘੇਡ਼ਾ, ਭਾਜਪਾ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਨੈਣੇਵਾਲੀਆ, ਸੋਹਣ ਮਿੱਤਲ, ਯੁਵਾ ਮੋਰਚਾ ਦੇ ਡਿੰਪਲ ਕਾਂਸਲ ਤੋਂ ਇਲਾਵਾ ਭਾਰੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ। 


Related News