ਪਰਗਪੁਰ ''ਚ ਅੱਗ ਨੇ ਮਚਾਈ ਤਬਾਹੀ, ਖੇਤਾਂ ''ਚੋਂ ਘਰ ''ਚ ਪੁੱਜੀਆਂ ਅੱਗ ਦੀਆਂ ਲਪਟਾਂ
Monday, May 14, 2018 - 03:49 PM (IST)

ਔੜ (ਛਿੰਜੀ ਲੜੋਆ)— ਪਿੰਡ ਪਰਾਗਪੁਰ ਤੇ ਬੱਜੋਂ ਦੇ ਵਿਚਕਾਰ ਬਣੀ ਨਵੀਂ ਅਬਾਦੀ ਵਿਖੇ ਖੇਤਾਂ 'ਚੋਂ ਘਰ 'ਚ ਦਾਖਲ ਹੋਈ ਅੱਗ ਨੇ ਤਬਾਹੀ ਮਚਾ ਦਿੱਤੀ। ਜਾਣਕਾਰੀ ਦਿੰਦੇ ਹੋਏ ਲਹਿੰਬਰ ਰਾਮ ਪੁੱਤਰ ਸਰਵਣ ਰਾਮ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਦੇ ਘਰਾਂ ਨਾਲ ਲੱਗਦੇ ਖੇਤਾਂ 'ਚੋਂ ਤੇਜ਼ ਹਵਾ ਕਾਰਨ ਅੱਗ ਦੀਆਂ ਲਪਟਾਂ ਉਨਾਂ ਦੇ ਘਰ 'ਚ ਦਾਖਲ ਹੋ ਗਈਆਂ, ਜਿਸ ਉਪਰੰਤ ਉਨ ਦੇ ਵਰਾਂਡੇ 'ਚ ਬੰਨ੍ਹੀ ਸੂਣ ਵਾਲੀ ਗਾਂ ਝੁਲਸ ਗਈ ਜਦਕਿ ਮੋਟਰ ਦਾ ਸਟਾਰਟਰ, ਬਿਜਲੀ ਦੀਆਂ ਮੇਨ ਤਾਰਾਂ ਅਤੇ ਭਾਰੀ ਮਾਤਰਾ 'ਚ ਸਟੋਰ ਕੀਤਾ ਬਾਲਣ ਅਤੇ ਸ਼ੈਡ ਦੀਆਂ ਚਾਦਰਾਂ ਨਸ਼ਟ ਹੋ ਗਈਆਂ, ਜਿਸ ਦਾ 70 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ।
ਇਸ ਦੇ ਨਾਲ ਹੀ ਘਰ ਦੇ ਨਜ਼ਦੀਕ ਹੀ ਪਈ ਕਈ ਟਰਾਲੀਆਂ ਤੂੜੀ ਅਤੇ ਦਰਖਤਾ ਨੂੰ ਅੱਗ ਨੇ ਨਸ਼ਟ ਕਰ ਦਿੱਤਾ। ਲਹਿੰਬਰ ਰਾਮ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਹੈ ਅਤੇ ਗਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ ਪਰ ਗਾਂ ਦੇ ਝੁਲਸ ਜਾਣ ਨਾਲ ਆਮਦਨ ਦਾ ਉਹ ਸਹਾਰਾ ਵੀ ਖਤਮ ਹੋ ਗਿਆ, ਉਸ ਨੇ ਮੰਗ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ।