ਖੇਤ ਮਜ਼ਦੂਰਾਂ ਨੇ ਬੀ. ਡੀ. ਪੀ. ਓ. ਦਫਤਰ ਮੂਹਰੇ ਦਿੱਤੇ ਧਰਨੇ
Tuesday, Jan 30, 2018 - 05:12 AM (IST)
ਬਾਘਾਪੁਰਾਣਾ, (ਰਾਕੇਸ਼)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਬੀ. ਡੀ. ਪੀ. ਓ. ਦਫਤਰ ਵਿਖੇ ਵੱਖ-ਵੱਖ ਪਿੰਡਾਂ ਢਿੱਲਵਾਂ ਵਾਲਾ, ਰੋਡੇ, ਗਿੱਲ ਆਦਿ ਤੋਂ ਮਜ਼ਦੂਰ ਆਪਣੀਆਂ 5-5 ਮਰਲੇ ਦੇ ਪਲਾਟ ਲੈਣ ਲਈ ਅਰਜ਼ੀਆਂ ਲੈ ਕੇ ਪਹੁੰਚੇ, ਜੋ ਦਫਤਰ 'ਚ ਜਮ੍ਹਾ ਕਰਵਾਈਆਂ ਗਈਆਂ। ਇਸ ਦੌਰਾਨ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਮਜ਼ਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਦੱਸਿਆ ਕਿ ਖੇਤ ਮਜ਼ਦੂਰਾਂ ਵੱਲੋਂ ਲੜੇ ਜਾ ਰਹੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਸੰਘਰਸ਼ ਦੌਰਾਨ ਬੇਘਰੇ ਤੇ ਲੋੜਵੰਦ ਮਜ਼ਦੂਰਾਂ ਲਈ 10-10 ਮਰਲੇ ਪਲਾਟਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਨੇ 5-5 ਮਰਲੇ ਦੇ ਪਲਾਟਾਂ ਦੀ ਹੀ ਚਿੱਠੀ ਜਾਰੀ ਕੀਤੀ ਹੈ, ਜਿਸ ਸਬੰਧੀ ਅੱਜ ਉਕਤ ਦਫਤਰ 'ਚ ਅਰਜ਼ੀਆਂ ਜਮ੍ਹਾ ਕਰਵਾਈਆਂ ਗਈਆਂ।
ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਖਤਮ ਕਰਵਾਉਣ, 10-10 ਮਰਲੇ ਦੇ ਪਲਾਟ ਲੈਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਵਾਉਣ, ਪੈਨਸ਼ਨਾਂ, ਸ਼ਗਨ ਸਕੀਮਾਂ ਅਤੇ ਬੰਦ ਪਿਆ ਰਾਸ਼ਨ ਚਾਲੂ ਕਰਵਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਮਜ਼ਦੂਰਾਂ ਨੂੰ ਲੰਮੇ ਅਤੇ ਤਿੱਖੇ ਸੰਘਰਸ਼ਾਂ ਦੀ ਜ਼ਰੂਰਤ ਹੈ, ਜਿਸ ਤੋਂ ਬਿਨਾਂ ਉਪਰੋਕਤ ਮੰਗਾਂ ਨੂੰ ਲਾਗੂ ਨਹੀਂ ਕਰਵਾਇਆ ਜਾ ਸਕਦਾ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਨਹੀਂ ਤਾਂ ਸਾਨੂੰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।
ਇਸ ਸਮੇਂ ਕੇਵਲ ਸਿੰਘ ਸਮਾਧ ਭਾਈ, ਦਰਸ਼ਨ ਸਿੰਘ ਘੋਲੀਆਂ ਕਲਾਂ, ਗੋਰਾ ਸਿੰਘ ਘੋਲੀਆਂ ਖੁਰਦ, ਰੇਸ਼ਮ ਸਿੰਘ ਢਿੱਲਵਾਂ ਆਗੂ ਗਿੰਦਰ ਸਿੰਘ ਰੋਡੇ ਅਤੇ ਹੋਰ ਹਾਜ਼ਰ ਸਨ।
ਮੋਗਾ, (ਗਰੋਵਰ, ਗੋਪੀ)-ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੋਗਾ ਦੇ ਬੀ. ਡੀ. ਪੀ. ਓ. ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸਿੰਘਾਂਵਾਲਾ, ਜ਼ਿਲਾ ਨੇਤਾ ਗੁਰਚਰਨ ਸਿੰਘ ਮਹਿਣਾ ਨੇ ਕਿਹਾ ਕਿ ਪਲਾਟਾਂ ਸਬੰਧੀ ਸਿਰਫ ਇਕ ਰੁਪਏ ਦਾ ਫਾਰਮ ਭਰਨ ਨਾਲ ਕੈਪਟਨ ਸਰਕਾਰ ਜਾਂ ਫਿਰ ਪਿੰਡਾਂ ਦੀਆਂ ਪੰਚਾਇਤਾਂ ਪਲਾਟ ਦੇਣ ਵਾਲੀਆਂ ਨਹੀਂ ਹਨ। ਇਹ ਲੜਾਈ ਸਿਰਫ ਆਰਥਿਕ ਮੁੱਦਾ ਨਹੀਂ ਹੈ ਇਹ ਉਨ੍ਹਾਂ ਦੇ ਮਾਣ-ਸਨਮਾਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਮਜ਼ਦੂਰਾਂ ਦੀ ਬਾਘਾਪੁਰਾਣਾ ਕਾਨਫਰੰਸ 'ਚ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਚਮਕੌਰ ਸਿੰਘ, ਛਿੰਦਰ ਸਿੰਘ ਸਾਫੂਵਾਲਾ, ਨਿਰਮਲ ਸਿੰਘ ਚੌਗਾਵਾਂ ਆਦਿ ਹਾਜ਼ਰ ਸਨ।
