ਡਾਕਟਰ ਦੀ ਲਾਪ੍ਰਵਾਹੀ ਕਾਰਣ ਗਰਭ ’ਚ ਬੱਚੇ ਦੀ ਮੌਤ
Tuesday, Jul 28, 2020 - 08:12 AM (IST)
ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਪਿੰਡ ਨੂਰਪੁਰ ਦੇ ਵਾਸੀ ਬਚਿੱਤਰ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਦੇ ਗਰਭ ਵਿਚ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਸ ਨੇ ਇਨਸਾਫ਼ ਲੈਣ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਭੇਜੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ 11 ਸਾਲ ਬਾਅਦ ਗਰਭਵਤੀ ਹੋਈ ਅਤੇ ਉਹ 13 ਜੁਲਾਈ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਡਾਕਟਰ ਕੋਲ ਜਾਂਚ ਲਈ ਆਇਆ, ਜਿਸ ਸਬੰਧੀ ਗਰਭ ’ਚ ਬੱਚੇ ਦੇ ਹਾਲਾਤਾਂ ਸਬੰਧੀ ਸਕੈਨ ਵੀ ਕਰਵਾਈ ਗਈ। 16 ਜੁਲਾਈ ਨੂੰ ਉਸਦੀ ਪਤਨੀ ਦੇ ਪੇਟ ’ਚ ਦਰਦ ਹੋਣ ਲੱਗਿਆ ਅਤੇ ਫਿਰ ਉਹ ਸਰਕਾਰੀ ਹਸਪਤਾਲ ’ਚ ਜਾਂਚ ਲਈ ਆਇਆ ਜਿਸ ’ਤੇ ਡਾਕਟਰ ਨੇ ਦਵਾਈ ਲਿਖ ਦਿੱਤੀ ਅਤੇ 10 ਦਿਨ ਬਾਅਦ ਜਾਂਚ ਕਰਵਾਉਣ ਆਉਣ ਲਈ ਕਿਹਾ। ਸ਼ਿਕਾਇਤਕਰਤਾ ਬਚਿੱਤਰ ਸਿੰਘ ਅਨੁਸਾਰ ਉਸਦੀ ਪਤਨੀ ਦੇ ਪੇਟ ’ਚ ਦਰਦ ਨਾ ਹਟੀ ਤਾਂ ਉਹ ਮੁੜ 20 ਜੁਲਾਈ ਨੂੰ ਸਰਕਾਰੀ ਹਸਪਤਾਲ ’ਚ ਜਾਂਚ ਕਰਵਾਉਣ ਆਇਆ ਤਾਂ ਉਸ ਸਮੇਂ ਵੀ ਡਾਕਟਰ ਨੇ ਬਿਨਾਂ ਜਾਂਚ ਕੀਤੇ ਦਵਾਈ ਦੇ ਕੇ ਵਾਪਸ ਭੇਜ ਦਿੱਤਾ।
ਬਚਿੱਤਰ ਸਿੰਘ ਅਨੁਸਾਰ ਉਹ ਅਜੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਉਸਦੀ ਪਤਨੀ ਦੀ ਤਬੀਅਤ ਹੋਰ ਖਰਾਬ ਹੋ ਗਈ, ਜਿਸ ਨੂੰ ਉਹ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਜਾਂਚ ਲਈ ਲੈ ਗਿਆ। ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਗਰਭ ’ਚ ਉਸਦਾ ਬੱਚਾ ਮਰ ਚੁੱਕਾ ਹੈ। ਪ੍ਰਾਈਵੇਟ ਹਸਪਤਾਲ ’ਚ ਮਹਿੰਗਾ ਇਲਾਜ ਹੋਣ ਕਾਰਣ ਉਹ ਮੁੜ ਸਰਕਾਰੀ ਹਸਪਤਾਲ ਆ ਗਿਆ ਤਾਂ ਉੱਥੇ ਡਾਕਟਰਾਂ ਵਲੋਂ ਉਸ ਨੂੰ ਮੁੜ ਸਕੈਨ ਕਰਵਾਉਣ ਲਈ ਕਿਹਾ ਗਿਆ ਜਿਸ ’ਚ ਜਾਂਚ ਦੌਰਾਨ ਉਸ ਦਾ ਬੱਚਾ ਗਰਭ ਵਿਚ ਹੀ ਮ੍ਰਿਤਕ ਪਾਇਆ ਗਿਆ। ਸ਼ਿਕਾਇਤਕਰਤਾ ਬਚਿੱਤਰ ਸਿੰਘ ਅਨੁਸਾਰ ਇਨ੍ਹਾਂ ਹਾਲਾਤਾਂ ’ਚ ਉਹ ਆਪਣੀ ਪਤਨੀ ਦਾ ਇਲਾਜ ਪ੍ਰਾਈਵੇਟ ਹਸਪਤਾਲ ’ਚੋਂ ਕਰਵਾਉਂਦਾ ਤਾਂ 35 ਹਜ਼ਾਰ ਰੁਪਏ ਖਰਚ ਆਉਣਾ ਸੀ, ਜਿਸ ਲਈ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ ਪਰ ਉੱਥੇ ਸਹੂਲਤਾਂ ਨਾ ਹੋਣ ਕਾਰਣ ਡਾਕਟਰਾਂ ਨੇ ਲੁਧਿਆਣਾ ਸਰਕਾਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ।
ਲੁਧਿਆਣਾ ਸਰਕਾਰੀ ਹਸਪਤਾਲ ਦੇ ਮਾੜੇ ਪ੍ਰਬੰਧਾਂ ਦਾ ਖੁਲਾਸਾ ਕਰਦਿਆਂ ਬਚਿੱਤਰ ਸਿੰਘ ਨੇ ਕਿਹਾ ਕਿ ਰਾਤ ਕਰੀਬ 1.30 ਵਜੇ ਦਾਖਲ ਕਰਵਾਈ ਉਸ ਦੀ ਪਤਨੀ ਨੂੰ ਦੂਜੇ ਦਿਨ 3 ਵਜੇ ਤੱਕ ਕਿਸੇ ਨਾ ਪੁੱਛਿਆ ਜਿਸ ਕਾਰਣ ਉਹ 21 ਜੁਲਾਈ ਨੂੰ ਆਪਣੀ ਪਤਨੀ ਦੀ ਛੁੱਟੀ ਕਰਵਾ ਮੁੜ ਮਾਛੀਵਾੜਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਲਿਆਂਦਾ ਅਤੇ ਆਪ੍ਰੇਸ਼ਨ ਕਰਵਾਇਆ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਉਸਦਾ ਬੱਚਾ ਤਾਂ ਪਹਿਲਾਂ ਹੀ ਗਰਭ ਵਿਚ ਮ੍ਰਿਤਕ ਸੀ ਪਰ ਜੇਕਰ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਉਸ ਦੀ ਪਤਨੀ ਦੀ ਵੀ ਜਾਨ ਜਾ ਸਕਦੀ ਸੀ। ਬਚਿੱਤਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਡਾਕਟਰ ਦੀ ਲਾਪ੍ਰਵਾਹੀ ਤੇ ਸੁਚੱਜੇ ਢੰਗ ਨਾਲ ਜਾਂਚ ਤੇ ਇਲਾਜ ਨਾ ਹੋਣ ਕਾਰਣ ਜਿੱਥੇ ਉਸਨੇ ਨਵਜੰਮੇ ਬੱਚੇ ਦੀ ਜਾਨ ਗਈ, ਉੱਥੇ ਲੁਧਿਆਣਾ ਹਸਪਤਾਲ ਵਿਖੇ ਵੀ ਆਪ੍ਰੇਸ਼ਨ ਨਾ ਹੋਣ ਕਾਰਣ ਉਸ ਨੂੰ ਆਪਣੀ ਪਤਨੀ ਦਾ ਮਹਿੰਗੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਉਣਾ ਪਿਆ ਜਦਕਿ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ।
ਬਚਿੱਤਰ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਦੇ ਇਕ ਬੇਟੀ ਹੈ ਅਤੇ ਹੁਣ 11 ਸਾਲ ਬਾਅਦ ਉਸਦੇ ਘਰ ਕਿਲਕਾਰੀਆਂ ਗੂੰਜਣੀਆਂ ਸਨ ਅਤੇ ਮ੍ਰਿਤਕ ਪੈਦਾ ਹੋਇਆ ਬੱਚਾ ਲੜਕਾ ਸੀ ਜੋ ਡਾਕਟਰਾਂ ਦੀ ਲਾਪ੍ਰਵਾਹੀ ਦੀ ਭੇਟ ਚੜ੍ਹ ਗਿਆ ਜਿਸ ਕਾਰਣ ਉਸਦੀ ਪਤਨੀ ਕਾਫ਼ੀ ਸਦਮੇ ’ਚ ਹੈ। ਬਚਿੱਤਰ ਸਿੰਘ ਨੇ ਸਿਹਤ ਮੰਤਰੀ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਜੋ ਡਾਕਟਰ ਕੁਤਾਹੀ ਵਰਤਦੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।