ਸੰਧਾਰੇ ਲਈ ਰਾਹ ਤੱਕਦੀਆਂ ਧੀਆਂ ਲਈ ਮਾਪੇ ਅੱਜ ਵੀ ਆਪਣਾ ਫਰਜ਼ ਨਿਭਾਉਣਾ ਨਹੀਂ ਭੁੱਲੇ
Thursday, Jul 26, 2018 - 12:31 AM (IST)

ਜ਼ੀਰਾ(ਅਕਾਲੀਆਂਵਾਲਾ)–ਸਾਉਣ ਮਹੀਨੇ ’ਚ ਬਾਰਿਸ਼ ਨਾਲ ਜਿਥੇ ਖੇਤਾਂ ਵਿਚ ਹਰਿਆਲੀ ਟਹਿਕ ਰਹੀ ਹੁੰਦੀ ਹੈ, ਉਥੇ ਇਸ ਮਹੀਨੇ ’ਚ ਸਾਡੇ ਤਿਉਹਾਰਾਂ ਪ੍ਰਤੀ ਸਮਾਜ ਵੱਲੋਂ ਨਿਭਾਈ ਜਾਂਦੀ ਅਹਿਮ ਜ਼ਿੰਮੇਵਾਰੀ ਅਤੇ ਉਨ੍ਹਾਂ ਦੇ ਮਨਾਂ ’ਚ ਹੁੰਦੀ ਪਿਆਰ ਦੀ ਬਾਰਿਸ਼ ਨਾਲ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਫੁਲਵਾੜੀ ਵੀ ਮਹਿਕ ਉਠਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਧੀਆਂ ਨੂੰ ਸੰਧਾਰੇ ਦੇਣ ਦਾ ਦੌਰ, ਜਿਸ ਵਿਚ ਮਾਪੇ ਧੀਆਂ ਕੋਲ ਸੰਧਾਰਾ ਲਿਜਾਣ ਤੋਂ ਝਿਜਕ ਤੱਕ ਵੀ ਮਹਿਸੂਸ ਨਹੀਂ ਕਰਦੇ। ਧੀਆਂ ਵੀ ਇਸ ਤਿਉਹਾਰ ਸਬੰਧੀ ਆਪਣੇ ਮਾਪਿਆਂ ਦਾ ਰਾਹ ਤੱਕਦੀਆਂ ਹਨ। ਇਸ ਤਿਉਹਾਰ ਸਬੰਧੀ ਆਪਣੀਆਂ ਧੀਆਂ ਨੂੰ ਮਾਪਿਆਂ ਵੱਲੋਂ ਬਿਸਕੁੱਟ ਜਾਂ ਹੋਰ ਤੋਹਫੇ ਦੇਣ ਦੀ ਰਵਾਇਤ ਅੱਜ ਵੀ ਬਰਕਰਾਰ ਹੈ। ਬਿਸਕੁੱਟ ਬਣਾਉਣ ਵਾਲੇ ਬੇਕਰੀ ਹਾਊਸ ’ਤੇ ਇਨ੍ਹਾਂ ਦਿਨਾਂ ਵਿਚ ਭੀੜ ਹੋ ਜਾਂਦੀ ਹੈ। ਉਹ ਵੀ ਇਨ੍ਹਾਂ ਦਿਨਾਂ ਵਿਚ ਆਪਣੀ ਸਾਲ ਭਰ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਦੇ ਹਨ। ਪਿੰਡ ਵਕੀਲਾਂਵਾਲਾ ਦੀ ਕਸ਼ਮੀਰ ਕੌਰ ਪਤਨੀ ਹਰਜੀਤ ਸਿੰਘ ਆਪਣੀ ਧੀ ਨੂੰ 14 ਸਾਲਾਂ ਤੋਂ ਸੁੰਧਾਰਾ ਦੇਣ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਧੀਆਂ ਵੀ ਇਸ ਤਿਉਹਾਰ ’ਤੇ ਮਾਪਿਆਂ ਦੀ ਉਡੀਕ ਕਰਦੀਆਂ ਹਨ। ਪਿੰਡ ਗਾਦੜੀ ਵਾਲਾ ਦੀ ਮਨਜੀਤ ਕੌਰ ਪਤਨੀ ਕਿੱਕਰ ਸਿੰਘ ਵੀ ਪਿਛਲੇ 9 ਸਾਲਾਂ ਤੋਂ ਆਪਣੀ ਧੀ ਕੋਲ ਸੰਧਾਰਾ ਲੈ ਕੇ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਰਿਸ਼ਤਿਆਂ ਦੀ ਸਾਂਝ ਹੋਰ ਮਜਬੂਤ ਹੁੰਦੀ ਹੈ। ਪਿੰਡ ਲਹਿਰਾ ਰੋਹੀ ਦੀ ਬਲਜੀਤ ਕੌਰ ਪਤਨੀ ਪ੍ਰੇਮ ਸਿੰਘ 5ਵੀਂ ਵਾਰ ਆਪਣੀ ਧੀ ਕੋਲ ਸੰਧਾਰਾ ਲੈ ਕੇ ਜਾਵੇਗੀ। ਪਿੰਡ ਸਨ੍ਹੇਰ ਦੀ ਬਲਵੀਰ ਕੌਰ ਪਤਨੀ ਬਾਵਾ ਸਿੰਘ 18 ਸਾਲਾਂ ਤੋਂ ਆਪਣੀ ਧੀ ਕੋਲ ਸੰਧਾਰਾ ਲੈ ਕੇ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਇਸ ਤਿਉਹਾਰ ਤੋਂ ਨਾਗਾ ਨਹੀਂ ਪਾਇਆ। ਇਸੇ ਨਗਰ ਦੀ ਕੁਲਜੀਤ ਕੌਰ ਪਤਨੀ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਧੀਆਂ ਦੇ ਨਾਲ-ਨਾਲ ਆਪਣੀਆਂ ਨਨਾਣਾਂ ਕੋਲ ਵੀ ਸਾਉਣ ਦਾ ਤਿਉਹਾਰ ਲੈ ਕੇ ਜਾਂਦੀ ਹੈ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਇਹ ਤਿਉਹਾਰ ਸਾਡੀ ਵਿਰਾਸਤ ਦਾ ਪ੍ਰਤੀਕ ਹਨ। ਇਸ ਤਿਉਹਾਰ ਸਬੰਧੀ ਵੱਖ-ਵੱਖ ਸਮਾਜ-ਸੇਵਿਕਾ ਔਰਤਾਂ ਨੇ ਵਿਚਾਰ ਵੀ ਰੱਖੇ।