ਜਲੰਧਰ ਵਿਖੇ ਧੂੜ-ਮਿੱਟੀ ਫੱਕਦੇ ਅਤੇ ਟਰੈਫਿਕ ਜਾਮ ਨਾਲ ਜੂਝਦੇ ਰਹੇ ਲੋਕ

Wednesday, Nov 03, 2021 - 11:05 AM (IST)

ਜਲੰਧਰ ਵਿਖੇ ਧੂੜ-ਮਿੱਟੀ ਫੱਕਦੇ ਅਤੇ ਟਰੈਫਿਕ ਜਾਮ ਨਾਲ ਜੂਝਦੇ ਰਹੇ ਲੋਕ

ਜਲੰਧਰ (ਖੁਰਾਣਾ)–ਫੈਸਟੀਵਲ ਸੀਜ਼ਨ ਵਿਚ ਲੋਕ ਸਰਕਾਰਾਂ ਅਤੇ ਪ੍ਰਸ਼ਾਸਨ ਤੋਂ ਵਧੀਆ ਸਿਸਟਮ ਦੀ ਉਮੀਦ ਕਰਦੇ ਹਨ ਤਾਂ ਕਿ ਕਿਸੇ ਨੂੰ ਆਉਣ-ਜਾਣ ਵਿਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਲੰਧਰ ਵਿਚ ਇਨ੍ਹੀਂ ਦਿਨੀਂ ਬਿਲਕੁਲ ਉਲਟ ਹਾਲਾਤ ਚੱਲ ਰਹੇ ਹਨ। ਇਥੇ ਨਗਰ ਨਿਗਮ, ਜਲੰਧਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਸ਼ਹਿਰ ਦੇ ਲੋਕਾਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਹਜ਼ਾਰਾਂ ਨਹੀਂ, ਲੱਖਾਂ ਲੋਕ ਇਨ੍ਹੀਂ ਦਿਨੀਂ ਜਿਥੇ ਧੂੜ-ਮਿੱਟੀ ਫੱਕ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਜਗ੍ਹਾ-ਜਗ੍ਹਾ ਟਰੈਫਿਕ ਜਾਮ ਨਾਲ ਵੀ ਜੂਝਣਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੀਆਂ ਵਧੇਰੇ ਸੜਕਾਂ ਨੂੰ ਪੁੱਟਿਆ ਜਾ ਚੁੱਕਾ ਹੈ ਅਤੇ ਉਥੇ ਵਾਟਰ ਸਪਲਾਈ ਦੇ ਵੱਡੇ-ਵੱਡੇ ਪਾਈਪ ਪਾਏ ਜਾ ਚੁੱਕੇ ਹਨ। ਪਾਈਪ ਪਾਉਣ ਲਈ ਕੀਤੀ ਪੁਟਾਈ ਕਾਰਨ ਸਾਰੀ ਮਿੱਟੀ ਫਿਲਹਾਲ ਸੜਕਾਂ ’ਤੇ ਪਈ ਹੋਈ ਹੈ, ਜੋ ਨਾ ਸਿਰਫ਼ ਟਰੈਫਿਕ ਵਿਚ ਰੁਕਾਵਟ ਪੈਦਾ ਕਰ ਰਹੀ ਹੈ, ਸਗੋਂ ਇਹ ਮਿੱਟੀ ਉੱਡ ਕੇ ਲੋਕਾਂ ਦੇ ਨੱਕ ਅਤੇ ਗਲੇ ਰਾਹੀਂ ਉਨ੍ਹਾਂ ਦੇ ਸਰੀਰ ਅੰਦਰ ਵੀ ਦਾਖ਼ਲ ਹੋ ਰਹੀ ਹੈ। ਸ਼ਹਿਰ ਦੇ ਸੰਸਦ ਮੈਂਬਰ, ਵਿਧਾਇਕਾਂ ਅਤੇ ਸਾਰੇ ਆਗੂਆਂ ਦੇ ਕਹਿਣ ਦੇ ਬਾਵਜੂਦ ਜਲੰਧਰ ਨਿਗਮ ਨੇ ਅਜੇ ਤੱਕ ਟੁੱਟੀਆਂ ਸੜਕਾਂ ਦੀ ਰਿਪੇਅਰ ਦਾ ਕੋਈ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਅਤੇ ਨਾ ਹੀ ਕਿਤੇ ਪੈਚਵਰਕ ਹੁੰਦਾ ਵਿਖਾਈ ਦੇ ਰਿਹਾ ਹੈ। ਨਿਗਮ ਨੇ ਪਿਛਲੇ ਦਿਨੀਂ ਸ਼ਹਿਰ ਦੀਆਂ ਸੜਕਾਂ ’ਤੇ ਮਿੱਟੀ ਦੇ ਪੈਚਵਰਕ ਲਾਉਣੇ ਸ਼ੁਰੂ ਕੀਤੇ ਸਨ ਪਰ ਉਸ ਨਾਲ ਵੀ ਹਾਲਾਤ ਵਿਗੜ ਗਏ, ਜਿਸ ਤੋਂ ਬਾਅਦ ਨਿਗਮ ਨੇ ਸੜਕਾਂ ਵੱਲੋਂ ਆਪਣਾ ਧਿਆਨ ਬਿਲਕੁਲ ਹਟਾ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਲਈ ਵਰਦਾਨ ਸਾਬਤ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੋਕਪੱਖੀ ਫ਼ੈਸਲੇ

PunjabKesari

ਇਨ੍ਹੀਂ ਦਿਨੀਂ ਸ਼ਹਿਰ ਦਾ ਪ੍ਰਦੂਸ਼ਣ ਦਾ ਪੱਧਰ ਦੀਵਾਲੀ ਵਾਲੀ ਰਾਤ ਤੋਂ ਵੀ ਵੱਧ
ਪਿਛਲੇ ਕਾਫ਼ੀ ਸਮੇਂ ਤੋਂ ਜਲੰਧਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ। ਸ਼ਹਿਰ ਦੀਆਂ ਸੜਕਾਂ ’ਤੇ ਜਮ੍ਹਾ ਮਿੱਟੀ ਧੂੜ ਬਣ ਕੇ ਉੱਡ ਰਹੀ ਹੈ, ਜਿਹੜੀ ਲੋਕਾਂ ਦੇ ਗਲੇ ਖਰਾਬ ਹੋਣ ਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਤੱਕ ਬਣ ਰਹੀ ਹੈ। ਸੜਕਾਂ ਤੋਂ ਉੱਡਦੀ ਧੂੜ ਨਾਲ ਲੋਕਾਂ ਨੂੰ ਅੱਖਾਂ ਦੀਆਂ ਬੀਮਾਰੀਆਂ ਤੱਕ ਹੋ ਰਹੀਆਂ ਹਨ ਪਰ ਸਿਹਤ ਮਹਿਕਮੇ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸੇ ਵਿਚਕਾਰ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਮ ਤੌਰ ’ਤੇ ਦੀਵਾਲੀ ਰਾਤ ਪ੍ਰਦੂਸ਼ਣ ਤੋਂ ਵੱਧ ਹੁੰਦਾ ਹੈ ਕਿਉਂਕਿ ਪਟਾਕੇ ਚੱਲਣ ਨਾਲ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵਧ ਜਾਂਦਾ ਹੈ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਦੋ ਦਿਨ ਪਹਿਲਾਂ ਹੀ ਜਲੰਧਰ ਦੇ ਪ੍ਰਦੂਸ਼ਣ ਦਾ ਪੱਧਰ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਅਤੇ ਫਿਲਹਾਲ ਇਹ ਦੀਵਾਲੀ ਦੀ ਰਾਤ ਤੋਂ ਵੀ ਵੱਧ ਆਂਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾ ਪ੍ਰਦੂਸ਼ਣ ਦਾ ਕਾਰਨ ਸੜਕਾਂ ਤੋਂ ਉੱਡਦੀ ਮਿੱਟੀ ਅਤੇ ਟਰੈਫਿਕ ਜ਼ਿਆਦਾ ਹੋਣਾ ਹੀ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਜਾਮ ਦੇ ਕਾਰਨ ਵੀ ਪੈਟਰੋਲ-ਡੀਜ਼ਲ ਜ਼ਿਆਦਾ ਖ਼ਰਚ ਹੁੰਦਾ ਹੈ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਹੱਦ ਤੱਕ ਵਧ ਗਿਆ ਹੈ। ਇਸ ਨਾਲ ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ੇਸ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੇ ਕਈ-ਕਈ ਘੰਟੇ ਇਕ ਹੀ ਸਥਾਨ ’ਤੇ ਖੜ੍ਹੇ ਹੋ ਕੇ ਪ੍ਰਦੂਸ਼ਿਤ ਵਾਤਾਵਰਣ ਵਿਚ ਸਾਹ ਲੈ ਰਹੇ ਹਨ।

ਚੰਗੀਆਂ-ਭਲੀਆਂ ਸੜਕਾਂ ’ਤੇ ਦੁਬਾਰਾ ਪਾਈ ਜਾ ਰਹੀ ਐ ਲੁੱਕ-ਬੱਜਰੀ
ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਵੀ ਅਜੀਬ ਹੀ ਹੈ। ਸ਼ਹਿਰ ਦੀਆਂ ਜਿਹੜੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਬਣਾਉਣ ਦੀ ਕੋਈ ਫਿਕਰ ਨਹੀਂ ਹੈ ਪਰ ਜਿਹੜੀਆਂ ਸੜਕਾਂ ਬਿਲਕੁਲ ਠੀਕ-ਠਾਕ ਹਨ, ਉਨ੍ਹਾਂ ’ਤੇ ਦੋਬਾਰਾ ਲੁੱਕ-ਬੱਜਰੀ ਦੀ ਪਰਤ ਪਾਈ ਜਾ ਰਹੀ ਹੈ। ਅਜਿਹਾ ਨਜ਼ਾਰਾ ਮੰਗਲਵਾਰ ਮੁੱਖ ਦਫ਼ਤਰ ਨੇੜੇ ਸ਼ਾਸਤਰੀ ਮਾਰਕੀਟ ਚੌਕ ਤੋਂ ਪੋਸਟ ਆਫਿਸ ਚੌਂਕ ਵੱਲ ਆਉਂਦੀ ਸੜਕ ’ਤੇ ਵੇਖਣ ਨੂੰ ਮਿਲਿਆ, ਜਿੱਥੇ ਇਕ ਟੋਇਆ ਤੱਕ ਨਹੀਂ ਸੀ ਪਰ ਨਿਗਮ ਦੇ ਠੇਕੇਦਾਰ ਉਸੇ ਸੜਕ ’ਤੇ ਦੋਬਾਰਾ ਲੁੱਕ-ਬੱਜਰੀ ਪਾਈ ਜਾ ਰਹੇ ਸਨ, ਜਿਸ ਨੂੰ ਵੇਖ ਕੇ ਲੋਕ ਵੀ ਕਾਫ਼ੀ ਹੈਰਾਨ ਹਨ।

ਇਹ ਵੀ ਪੜ੍ਹੋ: ਭੈਣਾਂ ਨੇ ਸਿਹਰਾ ਸਜਾ ਕੇ ਸ਼ਹੀਦ ਮਨਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News