ਫਿਰੋਜ਼ਪੁਰ ਤੋਂ 1190 ਪ੍ਰਵਾਸੀਆਂ ਨੂੰ ਲੈ ਕੇ ਚੌਥੀ ''ਸ਼੍ਰਮਿਕ ਐਕਸਪ੍ਰੈੱਸ'' ਯੂ.ਪੀ. ਲਈ ਰਵਾਨਾ
Saturday, May 16, 2020 - 06:08 PM (IST)
ਫਿਰੋਜ਼ਪੁਰ (ਹਰਚਰਨ ਸਿੰਘ ਬਿੱਟੂ ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬੇ 'ਚ ਭੇਜਣ ਲਈ ਕੀਤੇ ਗਏ ਅਣਥੱਕ ਯਤਨਾ ਸਦਕਾ 'ਚੌਥੀ ਸ਼੍ਰਮਿਕ ਐਕਸਪ੍ਰੈੱਸ' ਰੇਲ ਗੱਡੀ 1190 ਪ੍ਰਵਾਸੀਆਂ ਨੂੰ ਲੈ ਕੇ ਫ਼ਿਰੋਜ਼ਪੁਰ ਕੈਟ ਰੇਲਵੇ ਸਟੇਸ਼ਨ ਤੋਂ ਯੂ.ਪੀ. ਗੌਂਡਾ ਜ਼ਿਲੇ ਲਈ ਰਵਾਨਾ ਹੋਈ। ਗੱਡੀ ਨੂੰ ਰਵਾਨਾ ਕਰਨ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਰੇਲਵੇ ਸਟੇਸ਼ਨ ਪੁੱਜੇ ਅਤੇ ਹਰੀ ਝੰਡੀ ਦੇ ਕੇ ਟਰੇਨ ਨੂੰ ਰਵਾਨਾ ਕੀਤਾ।
ਇਹ ਵੀ ਪੜ੍ਹੋ: ਪਟਿਆਲਾ: ਕੋਰੋਨਾ 'ਤੇ ਢਾਈ ਸਾਲਾ ਬੱਚੀ ਸਮੇਤ 34 ਵਿਅਕਤੀਆਂ ਨੇ ਕੀਤੀ ਫਤਿਹ ਹਾਸਲ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਰੇਲ ਗੱਡੀ ਦਾ ਸਾਰਾ ਖ਼ਰਚਾ ਜੋ 6.12 ਲੱਖ ਰੁਪਏ ਆਵੇਗਾ ਖਰਚ ਕੀਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਚਾਰ ਰੇਲ ਗੱਡੀਆਂ 'ਤੇ ਕਰੀਬ 24.48 ਲੱਖ ਰੁਪਏ ਖ਼ਰਚੇ ਜਾ ਚੁਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਪਹਿਲੇ ਪੜਾਅ ਦੌਰਾਨ ਰੇਲਵੇ ਵਿਭਾਗ ਨੂੰ ਰੇਲ ਕਿਰਾਏ ਵਜੋਂ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ।ਫਿਰੋਜ਼ਪੁਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਜੋ ਰੇਲਵੇ ਵਿਭਾਗ ਨੂੰ ਰਜਿਸਟਰਡ ਹੋਏ ਪ੍ਰਵਾਸੀਆਂ ਨੂੰ ਟਿਕਟ ਮੁਹੱਈਆ ਕਰਵਾਉਣ ਲਈ ਸਿੱਧੇ ਤੌਰ 'ਤੇ ਅਦਾ ਕੀਤੇ ਜਾ ਰਹੀ ਹੈ ਤਾਂ ਕਿ ਉਹ ਮੁਫ਼ਤ ਆਪਣੇ ਜੱਦੀ ਜ਼ਿਲਿਆਂ ਨੂੰ ਬਗੈਰ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਜਾ ਸਕਣ।
ਇਹ ਵੀ ਪੜ੍ਹੋ: ਮੋਗਾ 'ਚ ਫਿਰ ਕੋਰੋਨਾ ਦਾ ਹਮਲਾ, 2 ਨਵੇਂ ਮਾਮਲੇ ਆਏ ਸਾਹਮਣੇ
ਇਸੇ ਤਰ੍ਹਾਂ ਸਿਹਤ ਵਿਭਾਗ ਦੀ ਟੀਮ ਵਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ 'ਚ ਚੜ੍ਹਨ ਲਈ ਆਉਣ ਵਾਲੇ ਸਾਰੇ ਪ੍ਰਵਾਸੀਆਂ ਦੀ ਸਕਰੀਨਿੰਗ ਕੀਤੀ ਗਈ। ਜ਼ਿਲਾ ਪ੍ਰਸ਼ਾਸਨ ਵਲੋਂ ਰੇਲ ਗੱਡੀ 'ਚ ਚੜ੍ਹਨ ਸਮੇਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਰੇਲਵੇ ਸਟੇਸ਼ਨ ਦੀ ਐਂਟਰੀ ਤੇ ਖਾਨੇ ਦੇ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਸਮੇਤ ਕਈ ਚੀਜ਼ਾਂ ਉਪਲਬਧ ਕਰਵਾਈਆਂ ਗਈਆਂ। ਇਸ ਮੌਕੇ ਐਸ.ਡੀ.ਐਮ. ਫ਼ਿਰੋਜਪੁਰ ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ, ਰੈੱਡ ਕਰਾਸ ਸੁਸਾਇਟੀ ਦੇ ਸੈਕਰੇਟਰੀ ਸ੍ਰੀ ਅਸ਼ੋਕ ਬਹਿਲ, ਕਾਨੂੰਨਗੋ ਰਾਕੇਸ਼ ਅਗਰਵਾਲ ਸਮੇਤ ਕਈ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸੀ।
ਇਹ ਵੀ ਪੜ੍ਹੋ: ਬਠਿੰਡਾ ਤੋਂ ਯੂ.ਪੀ. ਨੂੰ ਪੈਦਲ ਤੁਰੇ ਮਜ਼ਦੂਰ, ਰਸਤੇ 'ਚ ਪੰਜਾਬ ਪੁਲਸ ਨੇ ਦਿਖਾਇਆ ਘਿਨਾਉਣਾ ਰੂਪ (ਵੀਡੀਓ)