ਹੁਸੈਨੀਵਾਲਾ ਭਾਰਤ-ਪਾਕਿ ਸਰਹੱਦੀ ਇਲਾਕਿਆਂ 'ਚ ਮੁੜ ਦੇਖੇ ਗਏ ਪਾਕਿਸਤਾਨੀ ਡਰੋਨ (ਵੀਡੀਓ)
Wednesday, Oct 09, 2019 - 10:15 AM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਤੀ ਦੇਰ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਡਰੋਨ 7 ਵਜ ਕੇ 20 ਮਿੰਟ 'ਤੇ ਸਰਹੱਦੀ ਪਿੰਡ ਹਾਜਰਾ ਸਿੰਘ ਵਾਲਾ ਦੇ ਨੇੜੇ ਅਤੇ ਦੂਜੀ ਵਾਰ ਪਾਕਿਸਤਾਨੀ ਡਰੋਨ 10 ਵਜ ਕੇ 10 ਮਿੰਟ 'ਤੇ ਪਿੰਡ ਟੇਂਡੀ ਵਾਲਾ ਨੇੜੇ ਉਡਦਾ ਹੋਇਆ ਦਿਖਾਈ ਦਿੱਤਾ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਨੂੰ ਹੇਠਾਂ ਸੁੱਟਣ ਲਈ ਗੋਲੀਬਾਰੀ ਵੀ ਕੀਤੀ ਪਰ ਡਰੋਨ ਸਰਹੱਦੀ ਪਿੰਡ ਭਖੜਾ ਵਾਲੇ ਪਾਸੇ ਚਲਾ ਗਿਆ। ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕਾਂ ਨੇ ਆਪੋ-ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਪਾਕਿਸਤਾਨੀ ਡਰੋਨ ਨੂੰ ਦੇਖਿਆ, ਜਿਸ ਕਾਰਨ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਦੱਸ ਦੇਈਏ ਕਿ ਪਿੰਡ ਦੇ ਕਈ ਲੋਕਾਂ ਨੇ ਰਾਤ ਦੇ ਸਮੇਂ ਆਸਮਾਨ 'ਚ ਦਿਖਾਈ ਦੇ ਰਹੇ ਡਰੋਨ ਵੀ ਵੀਡੀਓ ਵੀ ਬਣਾਈ ਹੈ, ਜਿਸ 'ਚ ਡਰੋਨ ਦੀ ਇਕ ਲਾਈਟ ਚਲਦੀ ਹੋਈ ਦਿਖਾਈ ਦੇ ਰਹੀ ਹੈ। ਪਾਕਿਸਤਾਨੀ ਡਰੋਨ ਮਿਲਣ ਦੀ ਸੂਚਨਾ 'ਤੇ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਵਲੋਂ ਇਲਾਕਿਆਂ 'ਚ ਜੁਆਇੰਟ ਸਰਚ ਆਪ੍ਰੇਸ਼ਨ ਚਲਾਇਆ ਜਾ ਰਹਿ ਹੈ ਅਤੇ ਫਿਜ਼ੀਕਲ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਸਬੰਧ 'ਚ ਜਦੋਂ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨਾਲ ਸਰਕਾਰੀ ਤੌਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।