ਫਿਰੋਜ਼ਪੁਰ : 20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ

01/19/2020 9:54:58 AM

ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ) : ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੇ 4 ਕਿਲੋ ਹੈਰੋਇਨ ਸਮੇਤ 2 ਭਾਰਤੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 20 ਕਰੋੜ ਰੁਪਏ ਦੱਸੀ ਜਾਂਦੀ ਹੈ। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਏ.ਆਈ.ਜੀ. ਅਜੇ ਸਲੂਜਾ ਨੇ ਦੱਸਿਆ ਕਿ ਨਸ਼ੇ ਦੀ ਸਮੱਗਲਿੰਗ ਨੂੰ ਨੱਥ ਪਾਉਂਦੇ ਹੋਏ ਕਾਊਂਟਰ ਇੰਟੈਲੀਜੈਂਸ ਸਮੱਗਲਰਾਂ 'ਤੇ ਸਖਤ ਨਜ਼ਰ ਰੱਖਣ ਦੇ ਨਾਲ-ਨਾਲ ਫਿਰੋਜ਼ਪਰ-ਫਾਜ਼ਿਲਕਾ ਜ਼ਿਲੇ ਦੇ ਇਲਾਕੇ 'ਚ ਨਾਕਾਬੰਦੀ ਕਰਦਿਆਂ ਸਪੈਸ਼ਲ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਇਸ ਮੁਹਿੰਮ ਕਾਰਣ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਐੱਸ.ਐੱਚ.ਓ. ਹਰਮੀਤ ਸਿੰਘ ਦੀ ਅਗਵਾਈ ਹੇਠ ਬੀਤੀ ਰਾਤ ਟੀ-ਪੁਆਇੰਟ ਖਾਈ ਫੇਮੇ ਕੀ ਦੇ ਇਲਾਕੇ 'ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ  ਰਹੀ ਸੀ ਤਾਂ ਪੁਲਸ ਪਾਰਟੀ ਨੇ ਜਦ ਇਕ ਸਵਿੱਫਟ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ 4 ਕਿਲੋ ਹੈਰੋਇਨ (ਇਕ-ਇਕ ਕਿਲੋ ਵਜ਼ਨ ਦੇ 4 ਪੈਕੇਟ) ਬਰਾਮਦ ਹੋਈ। ਏ.ਆਈ.ਜੀ. ਸਲੂਜਾ ਨੇ ਦੱਸਿਆ ਕਿ ਡੀ.ਐੱਸ.ਪੀ. ਜਸਬੀਰ ਸਿੰਘ ਦੀ ਅਗਵਾਈ ਹੇਠ ਪੁੱਛਗਿੱਛ ਕਰਨ 'ਤੇ ਹੈਰੋਇਨ ਨਾਲ ਫੜੇ ਗਏ 2 ਕਾਰ ਸਵਾਰ ਸਮੱਗਲਰਾਂ ਨੇ ਪੁਲਸ ਨੂੰ ਆਪਣੇ ਨਾਂ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਵਜ਼ੀਰ ਸਿੰਘ ਵਾਸੀ ਪਿੰਡ ਝੁੱਗੇ ਕਿਸ਼ੋਰ ਵਾਲੇ (ਮਮਦੋਟ) ਅਤੇ ਗੁਰਪ੍ਰੀਤ ਸਿੰਘ ਪੁੱਤਰ ਮੰਗਤ ਰਾਮ ਵਾਸੀ ਖੁੰਦਰ ਉਤਾੜ (ਮਮਦੋਟ) ਦੱਸੇ। ਏ.ਆਈ.ਜੀ. ਅਜੇ ਸਲੂਜਾ ਨੇ ਦੱਸਿਆ ਕਿ ਇਹ ਸਮੱਗਲਰ ਹੈਰੋਇਨ ਦੀ ਡਲਿਵਰੀ ਅੱਗੇ ਦੇਣ ਲਈ ਜਾ ਰਹੇ ਸੀ, ਜਿਨ੍ਹਾਂ ਨੂੰ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ-ਫਾਜ਼ਿਲਕਾ ਦੀ ਟੀਮ ਨੇ ਦਬੋਚ ਲਿਆ।

ਫਿਰੋਜ਼ਪੁਰ ਬਾਰਡਰ ਦੀ ਬੀ.ਓ.ਪੀ. ਮਸਤਾ ਗੱਟੀ ਦੇ ਰਸਤੇ ਲਈ ਗਈ ਸੀ ਹੈਰੋਇਨ ਦੀ ਡਲਿਵਰੀ
ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਸਲੂਜਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਕਰਨ 'ਤੇ ਫੜੇ ਗਏ ਸਮੱਗਲਰਾਂ ਨੇ ਖੁਲਾਸਾ ਕੀਤਾ ਕਿ ਪਾਕਿ ਸਮੱਗਲਰਾਂ ਨੇ ਉਨ੍ਹਾਂ ਨੂੰ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਮਸਤਾ ਗੱਟੀ ਦੇ ਰਸਤੇ ਇਹ ਹੈਰੋਇਨ ਭੇਜੀ ਸੀ ਅਤੇ ਉਨ੍ਹਾਂ ਹੈਰੋਇਨ ਦੀ ਇਹ ਖੇਪ ਅੱਗੇ ਵੱਡੇ ਸਮੱਗਲਰਾਂ ਕੋਲ ਪਹੁੰਚਾਉਣੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਤੋਂ ਪੁਲਸ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ।


Baljeet Kaur

Content Editor

Related News