ਫਿਰੋਜ਼ਪੁਰ : ਕੁਹਾੜੀ ਮਾਰ ਕੇ ਨੌਜਵਾਨ ਦਾ ਕਤਲ

Saturday, Mar 09, 2019 - 05:36 PM (IST)

ਫਿਰੋਜ਼ਪੁਰ : ਕੁਹਾੜੀ ਮਾਰ ਕੇ ਨੌਜਵਾਨ ਦਾ ਕਤਲ

ਫਿਰੋਜ਼ਪੁਰ (ਕੁਮਾਰ) : ਪਿੰਡ ਬਧਨੀ ਜੈਮਲ ਸਿੰਘ ਵਾਲਾ ਵਿਖੇ ਬੀਤੇ ਦਿਨ ਇਕ ਵਿਅਕਤੀ ਵਲੋਂ 18 ਸਾਲ ਦੇ ਲੜਕੇ ਦੇ ਸਿਰ 'ਚ ਕੁਹਾੜੀ ਮਾਰ ਕੇ ਕਤਲ ਕਰ ਦੇ ਮਾਮਲੇ 'ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਲੜਕੇ ਦੇ ਪਿਤਾ ਇਕਬਾਲ ਸਿੰਘ ਪੁੱਤਰ ਪੂਰਨ ਮਸੀਹ ਵਾਸੀ ਬਧਨੀ ਜੈਮਲ ਸਿੰਘ ਵਾਲਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਲੜਕਾ ਅਮਰ ਮਸੀਹ ਪਿੰਡ ਦੇ ਮੰਦਰ ਮਹਿੰਦਰਪਾਲ, ਰਵੀ, ਬਲਜੀਤ ਸਿੰਘ ਨਾਲ ਬੈਠਾ ਹੋਇਆ ਸੀ ਤਾਂ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਦਰਸ਼ਨ ਸਿੰਘ ਵਾਸੀ ਬਧਨੀ ਜੈਮਲ ਸਿੰਘ ਉਥੇ ਕੁਹਾੜੀ ਲੈ ਕੇ ਆਇਆ, ਇਸ ਦੌਰਾਨ ਉਸ ਨੇ ਅਮਰ ਦੇ ਸਿਰ 'ਚ ਕੁਹਾੜੀ ਮਾਰੀ ਤੇ ਮੌਕੇ ਤੋਂ ਭੱਜ ਗਿਆ। ਮੁੱਦਈ ਅਨੁਸਾਰ ਜ਼ਖਮੀ ਅਮਰ ਮਸੀਹ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਲਿਆਂਦਾ ਗਿਆ, ਜਿਥੇ ਉਸਦੀ ਮੌਤ ਹੋ ਗਈ। ਉਸ ਅਨੁਸਾਰ ਦੋਸ਼ੀ ਸ਼ੇਰ ਸਿੰਘ ਸ਼ੇਰਾ ਨੇ ਪਿੰਡ 'ਚ ਚੋਰੀ ਕੀਤੀ ਸੀ ਤੇ ਉਸਦੇ ਲੜਕੇ ਨੇ ਪੰਚਾਇਤ 'ਚ ਦੋਸ਼ੀ ਦੀ ਚੋਰੀ ਦਾ ਪਰਦਾਫਾਸ਼ ਕੀਤਾ ਸੀ, ਜਿਸਦੀ ਰੰਜਿਸ਼ ਨੂੰ ਲੈ ਕੇ ਦੋਸ਼ੀ ਨੇ ਅਮਰ ਮਸੀਹ ਦਾ ਕਤਲ ਕਰ ਦਿੱਤਾ। ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Baljeet Kaur

Content Editor

Related News