ਫਿਰੋਜ਼ਪੁਰ : ਵੈਂਟੀਲੇਟਰ ਪ੍ਰਾਪਤ ਹੋਣ ਤੋਂ ਬਾਅਦ ਕੇਸ ਬਾਹਰੀ ਸ਼ਹਿਰਾਂ ਨੂੰ ਰੈਫਰ ਨਹੀਂ ਕਰੇਗਾ ਸਿਵਲ ਹਸਪਤਾਲ
Tuesday, Apr 28, 2020 - 09:38 PM (IST)
ਫਿਰੋਜ਼ਪੁਰ, (ਮਲਹੋਤਰਾ)– ਇਲਾਜ ਲਈ ਆਉਣ ਵਾਲੇ ਗੰਭੀਰ ਕੇਸਾਂ ਨੂੰ ਆਮ ਤੌਰ ’ਤੇ ਫਰੀਦਕੋਟ ਜਾਂ ਹੋਰ ਬਾਹਰੀ ਸ਼ਹਿਰਾਂ ਨੂੰ ਰੈਫਰ ਕਰਨ ਵਾਲੇ ਸਿਵਲ ਹਸਪਤਾਲ ਨੂੰ ਵੈਂਟੀਲੇਟਰ ਦੀ ਸਹੂਲਤ ਮਿਲਣ ਤੋਂ ਬਾਅਦ ਹੁਣ ਕੇਸਾਂ ਨੂੰ ਬਾਹਰ ਨਹੀਂ ਭੇਜਿਆ ਜਾਵੇਗਾ। ਇਹ ਗੱਲ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਹਸਪਤਾਲ ’ਚ ਗੰਭੀਰ ਹਾਲਤ ’ਚ ਆਈ 33 ਸਾਲ ਦੀ ਗਰਭਵਤੀ ਔਰਤ ਦੀ ਸਰਜਰੀ ਕਰਨ ਤੋਂ ਬਾਅਦ ਕਹੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਫਿਰੋਜ਼ਪੁਰ ਵੱਲੋ ਜ਼ਿਲੇ ਅੰਦਰ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਹਿੱਤ ਲਗਾਤਾਰ ਅਣਥੱਕ ਯਤਨ ਜਾਰੀ ਹਨ ਅਤੇ ਪ੍ਰਸ਼ਾਸਨ ਵੱਲੋਂ ਦੋ ਵੈਂਟੀਲੇਟਰ ਮਿਲਣ ਤੋਂ ਬਾਅਦ ਹਸਪਤਾਲ ਦੀਆਂ ਸੇਵਾਵਾਂ ’ਚ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਆਈ ਗਰਭਵਤੀ ਔਰਤ ਕਾਲੇ ਪੀਲੀਏ ਤੋਂ ਪੀਡ਼੍ਹਤ ਸੀ। ਇਸ ਤੋਂ ਪਹਿਲਾਂ ਵੀ 2 ਸੀਜੇਰੀਅਨ ਆਪ੍ਰੇਸ਼ਨ ਹੋਏ ਹਨ ਅਤੇ ਇਹ ਪਿੰਡ ਜੰਡ ਵਾਲਾ ਦੀ ਗਰਭਵਤੀ ਔਰਤ ਪੀ. ਐੱਸ. ਸੀ. ਜੀਵਾਂ ਅਰਾਈਂ ਤੋਂ ਗੰਭੀਰ ਅਵਸਥਾ ’ਚ ਰੈਫਰ ਹੋ ਕੇ ਆਈ ਸੀ। ਉਨ੍ਹਾਂ ਦੱਸਿਆ ਉਹ ਆਪ ਵੀ ਜੱਚਾ-ਬੱਚਾ ਰੋਗ ਮਾਹਿਰ ਹਨ ਅਤੇ ਉਨ੍ਹਾਂ ਵੱਲੋਂ ਡਾ. ਪੂਜਾ ਜੱਚਾ-ਬੱਚਾ ਰੋਗ ਮਾਹਿਰ, ਮਾਹਿਰ ਡਾ. ਵਿਸ਼ਾਲ ਬਜਾਜ ਅਤੇ ਮਿਸਟਰ ਨਿਰਮਲਜੀਤ ਕੌਰ ਅਤੇ ਆਧਾਰਿਤ ਟੀਮ ਦੇ ਸਹਿਯੋਗ ਨਾਲ ਐਮਰਜੈਂਸੀ ਸਰਜਰੀ ਕਰ ਕੇ ਗਰਭਵਤੀ ਮਹਿਲਾ ਦੀ ਜਾਣ ਬਚਾਈ ਗਈ ਹੈ, ਜੋ ਕਿ ਮ੍ਰਿਤ ਬੱਚੇ ਦੇ ਨਾਲ ਸਿਵਲ ਹਸਪਤਾਲ ਵਿਖੇ ਆਈ ਸੀ। ਇਸ ਗਰਭਵਤੀ ਔਰਤ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਦੇਣ ਤੋਂ ਇਲਾਵਾ 2 ਯੂਨਿਟ ਖੂਨ ਵੀ ਐਮਰਜੈਂਸੀ ’ਚ ਦਿੱਤਾ ਗਿਆ ਅਤੇ ਹੁਣ ਉਸ ਦੀ ਹਾਲਤ ਠੀਕ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਭਵਿੱਖ ’ਚ ਵੀ ਜ਼ਿਲਾ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਜਣੇਪਾ ਐਮਰਜੈਂਸੀ ਨੂੰ ਅਟੈਡ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਅਤੇ ਰੈਫਰਲ ਨੂੰ ਲਗਾਤਾਰ ਘੱਟ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।