ਔਰਤ ਅਸਿਸਟੈਂਟ ਲੋਕੋ ਪਾਇਲਟ ਨੇ ਜਲੰਧਰ ਤੋਂ ਹੁਸ਼ਿਆਰਪੁਰ ਤੱਕ ਦੌੜਾਈ ਟਰੇਨ

Tuesday, Apr 17, 2018 - 05:31 AM (IST)

ਔਰਤ ਅਸਿਸਟੈਂਟ ਲੋਕੋ ਪਾਇਲਟ ਨੇ ਜਲੰਧਰ ਤੋਂ ਹੁਸ਼ਿਆਰਪੁਰ ਤੱਕ ਦੌੜਾਈ ਟਰੇਨ

ਜਲੰਧਰ, (ਗੁਲਸ਼ਨ)— ਮਹਿਲਾ ਸਸ਼ਕਤੀਕਰਨ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੌਰਾਨ ਅੱਜ ਦੇ ਯੁੱਗ ਵਿਚ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਤੋਂ ਘੱਟ ਨਹੀਂ ਹਨ। ਇਸਦੀ ਤਾਜ਼ਾ ਮਿਸਾਲ ਅੱਜ ਸਿਟੀ ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲੀ। ਜਦ ਇਕ ਔਰਤ ਅਸਿਸਟੈਂਟ ਲੋਕੋ ਪਾਇਲਟ ਅੰਕਿਤਾ ਨੇ ਲੋਕੋ ਪਾਇਲਟ ਅਨਿਲ ਕੁਮਾਰ ਨਾਲ ਜਲੰਧਰ ਤੋਂ ਹੁਸ਼ਿਆਰਪੁਰ ਤੱਕ ਪੈਸੰਜਰ ਟਰੇਨ ਦੌੜਾਈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਰੇਲ ਮੰਡਲ ਵਿਚ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਪਹਿਲੀ ਵਾਰ 2 ਔਰਤ ਅਸਿਸਟੈਂਟ ਲੋਕੋ ਪਾਇਲਟ ਦੀ ਤਾਇਨਾਤੀ ਕੀਤੀ ਗਈ ਹੈ। ਲੋਕੋ ਫੋਰਮੈਨ ਕੇਵਲ ਕ੍ਰਿਸ਼ਨ ਦੇ ਅੰਡਰ ਕੰਮ ਕਰ ਰਹੀਆਂ ਇਨ੍ਹਾਂ ਲੋਕੋ ਪਾਇਲਟਾਂ ਦੀ ਉਮਰ ਚਾਹੇ ਅਜੇ ਛੋਟੀ ਹੀ ਹੈ ਪਰ ਇਨ੍ਹਾਂ ਵਿਚ ਕੰਮ ਕਰਨ ਦਾ ਜਜ਼ਬਾ ਕਾਫੀ ਹੈ। ਸੋਮਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਹੁਸ਼ਿਆਰਪੁਰ ਜਾਣ ਵਾਲੀ ਪੈਸੰਜਰ ਟਰੇਨ 54638 ਜਿਵੇਂ ਹੀ ਆ ਕੇ ਖੜ੍ਹੀ ਹੋਈ ਤਾਂ ਲੋਕੋ ਪਾਇਲਟ ਅਨਿਲ ਕੁਮਾਰ ਨਾਲ ਪਹਿਲਾਂ 24 ਸਾਲਾ ਅਸਿਸਟੈਂਟ ਲੋਕੋ ਪਾਇਲਟ ਅੰਕਿਤਾ ਮੱਥਾ ਟੇਕ ਕੇ ਇੰਜਣ 'ਤੇ ਚੜ੍ਹੀ। ਇਸ ਤੋਂ ਬਾਅਦ ਉਸਨੇ ਇੰਜਣ ਦੇ ਹਰ ਉਸ ਹਿੱਸੇ ਨੂੰ ਖੋਲ੍ਹ ਕੇ ਦੇਖਿਆ, ਜਿਸ ਵਿਚ ਤੇਲ ਭਰਿਆ ਹੋਇਆ ਹੈ। ਇੰਨੇ ਵਿਚ ਯੈਲੋ ਸਿਗਨਲ ਹੋ ਗਿਆ। 
ਸਿਗਨਲ ਹੁੰਦੇ ਹੀ ਉਸਨੇ ਖਿੜਕੀ ਤੋਂ ਹਰੀ ਝੰਡੀ ਲਹਿਰਾ ਕੇ ਟਰੇਨ ਚੱਲਣ ਦਾ ਇਸ਼ਾਰਾ ਕੀਤਾ। ਟਰੇਨ ਰਵਾਨਾ ਹੁੰਦੇ ਸਮੇਂ ਪਲੇਟਫਾਰਮ 'ਤੇ ਖੜ੍ਹੇ ਮੁਸਾਫਿਰ ਵੀ ਏ. ਐੱਲ. ਪੀ. ਅੰਕਿਤਾ ਨੂੰ ਦੇਖ ਕੇ ਕਾਫੀ ਹੈਰਾਨ ਹੋ ਰਹੇ ਸਨ। ਉਥੇ ਦੂਜੇ ਪਾਸੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵਲੋਂ ਫਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਮਹਿਲਾ ਅਸਿਸਟੈਂਟ ਲੋਕੋ ਪਾਇਲਟਾਂ ਨੂੰ ਭੇਜਿਆ ਗਿਆ ਹੈ। 
6 ਭਰਾ-ਭੈਣਾਂ 'ਚੋਂ ਸਭ ਤੋਂ ਛੋਟੀ ਹੈ ਅੰਕਿਤਾ
ਮੂਲ ਰੂਪ ਨਾਲ ਗੋਰਖਪੁਰ ਜ਼ਿਲੇ ਦੇ ਪਿੰਡ ਦੇਵਰੀਆ ਦੀ ਰਹਿਣ ਵਾਲੀ 24 ਸਾਲਾ ਅਸਿਸਟੈਂਟ ਲੋਕੋ ਪਾਇਲਟ ਅੰਕਿਤਾ 6 ਭਰਾ-ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ  ਇਕ ਬਿਜ਼ਨੈੱਸਮੈਨ ਹਨ। ਪਰਿਵਾਰ ਦਾ ਕੋਈ ਵੀ ਮੈਂਬਰ ਰੇਲਵੇ ਵਿਚ ਨੌਕਰੀ ਨਹੀਂ ਕਰਦਾ ਹੈ। ਮੈਂ ਆਪਣੇ ਆਪ ਨੂੰ ਕਾਫੀ ਕਿਸਮਤ ਵਾਲੀ ਸਮਝਦੀ ਹਾਂ ਕਿ ਮੈਨੂੰ ਰੇਲਵੇ ਵਿਚ ਨੌਕਰੀ ਮਿਲੀ। 
ਸਾਧਨਾ ਵੀ 3 ਭੈਣਾਂ 'ਚੋਂ ਸਭ ਤੋਂ ਛੋਟੀ
ਫੈਜ਼ਾਬਾਦ ਦੀ ਰਹਿਣ ਵਾਲੀ ਅਸਿਸਟੈਂਟ ਲੋਕੋ ਪਾਇਲਟ ਸਾਧਨਾ ਵੀ 24 ਸਾਲ ਦੀ ਹੈ। ਉਹ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਸਾਧਨਾ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਛੋਟਾ ਭਰਾ ਵੀ ਹੈ। ਪਿਤਾ ਰੇਲਵੇ ਵਿਚ ਟੈਕਨੀਸ਼ੀਅਨ ਹਨ ਜੋ ਕਿ ਲਖਨਊ ਮੰਡਲ ਵਿਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਤੋਂ ਪ੍ਰਭਾਵਿਤ ਹੋ ਕੇ ਰੇਲਵੇ ਵਿਚ ਨੌਕਰੀ ਕਰਨ ਦਾ ਮਨ ਬਣਾਇਆ ਹੈ। 


Related News