ਨਾਜਾਇਜ਼ ਸੰਬੰਧਾਂ ਕਾਰਨ ਤਬਾਹ ਹੋਇਆ ਇਕ ਹੋਰ ਪਰਿਵਾਰ, ਔਰਤ ਦੇ ਕਤਲ ''ਚ ਪੁਲਸ ਨੇ ਸਾਹਮਣੇ ਲਿਆਂਦਾ ਸੱਚ
Wednesday, Oct 25, 2017 - 07:54 PM (IST)
ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) : ਪਿਛਲੇ ਦਿਨੀਂ ਪਿੰਡ ਗੰਡੀਵਿੰਡ ਵਿਖੇ ਇਕ ਔਰਤ ਦਾ ਪਿੰਡ ਨੇੜੇ ਖੇਤਾਂ 'ਚ ਗਲਾ ਘੁੱਟ ਕੇ ਕੀਤੇ ਕਤਲ ਦੀ ਗੁੱਥੀ ਆਖਿਰ ਪੁਲਸ ਨੇ ਸੁਲਝਾ ਲਈ ਹੈ ਅਤੇ ਔਰਤ ਦਾ ਕਾਤਲ, ਜੋ ਕਿ ਉਸ ਦਾ ਪਤੀ ਹੀ ਨਿਕਲਿਆ, ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪਿਆਰਾ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਤਫਤੀਸ਼ 'ਚ ਪੁਲਸ ਨੂੰ ਮ੍ਰਿਤਕ ਔਰਤ ਦੇ ਪਤੀ ਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੰਡੀਵਿੰਡ 'ਤੇ ਕੁੱਝ ਗੱਲਾਂ ਕਾਰਨ ਸ਼ੱਕ ਹੋਇਆ, ਜਿਸ ਦੇ ਆਧਾਰ 'ਤੇ ਜਦੋਂ ਉਸ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਮੰਨਿਆ ਕਿ ਉਸ ਦੀ ਪਤਨੀ ਮਨਜੀਤ ਕੌਰ ਭੋਲੀ ਦਾ ਚਾਲ-ਚਲਨ ਠੀਕ ਨਹੀਂ ਸੀ ਤੇ ਉਸ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਅਕਸਰ ਘਰ 'ਚ ਕਲੇਸ਼ ਹੁੰਦਾ ਰਹਿੰਦਾ ਸੀ। ਵਾਰ-ਵਾਰ ਰੋਕਣ ਦੇ ਬਾਵਜੂਦ ਭੋਲੀ ਮਾੜੇ ਕੰਮਾਂ ਤੋਂ ਨਹੀਂ ਹਟਦੀ ਸੀ, ਜਿਸ ਕਾਰਨ ਗੁੱਸੇ 'ਚ ਆ ਕੇ ਉਸ ਨੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਰਾਤ ਦੇ ਹਨੇਰੇ 'ਚ ਬਾਹਰ ਖੇਤਾਂ 'ਚ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ।
ਡੀ. ਐੱਸ. ਪੀ. ਪਿਆਰਾ ਸਿੰਘ ਅਨੁਸਾਰ ਮ੍ਰਿਤਕ ਔਰਤ ਦੇ ਪਤੀ ਸਵਿੰਦਰ ਸਿੰਘ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਮੇਂ ਡੀ. ਐੱਸ. ਪੀ. ਪਿਆਰਾ ਸਿੰਘ ਦੇ ਨਾਲ ਥਾਣਾ ਮੁਖੀ ਸਰਾਏ ਅਮਾਨਤ ਖਾਂ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।