ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Monday, Jun 05, 2023 - 05:21 AM (IST)
 
            
            ਤਪਾ ਮੰਡੀ (ਸ਼ਾਮ, ਗਰਗ)-ਸਥਾਨਕ ਭਗਵਾਨ ਵਾਲਮੀਕਿ ਚੌਕ ’ਚ ਸਥਿਤ ਪਰਿਵਾਰ ਦੀ ਵਿਆਹੁਤਾ ਔਰਤ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ’ਚ ਪਤੀ, ਸਹੁਰੇ, ਜੇਠ, ਜੇਠਾਣੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਗਗਨਦੀਪ ਕੌਰ ਦੇ ਪਿਤਾ ਮੱਖਣ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲੇਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੀ ਧੀ ਗਗਨਦੀਪ ਕੌਰ ਦਾ 8 ਸਾਲ ਪਹਿਲਾਂ ਉਤਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਨਾਲ ਧਾਰਮਿਕ ਮਰਿਆਦਾ ਅਨੁਸਾਰ ਲੱਖਾਂ ਰੁਪਏ ਲਾ ਕੇ ਕੀਤਾ ਸੀ ਪਰ ਬਾਅਦ ’ਚ ਕੁੜੀ ਦਾ ਪਤੀ ਨਸ਼ਾ ਕਰਨ ਕਾਰਨ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਉਨ੍ਹਾਂ ਦੱਸਿਆ ਕਿ ਕਈ ਵਾਰ ਪਤਵੰਤਿਆਂ ਨੂੰ ਨਾਲ ਲੈ ਕੇ ਸਮਝਾਉਣ ਦੇ ਬਾਵਜੂਦ ਨਾ ਸਮਝਿਆ ਪਰ ਨਸ਼ਾ ਕਰਨ ਦਾ ਆਦੀ ਹੋਣ ਕਾਰਨ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਉਣ ਦੇ ਬਾਵਜੂਦ ਲੱਖਾਂ ਰੁਪਏ ਖਰਾਬ ਕਰ ਦਿੱਤੇ ਪਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਬਜਾਏ ਨਸ਼ੇ ਦਾ ਆਦੀ ਬਣਾ ਦਿੱਤਾ ਕਿਉਂਕਿ ਉਹ ਇਸ ਦੀ ਜਾਇਦਾਦ ਹੜੱਪਣਾ ਚਾਹੁੰਦੇ ਸਨ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਕਿ ਲੜਕੀ ਗਗਨਦੀਪ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤੇ ਹਸਪਤਾਲ ਤਪਾ ’ਚ ਦਾਖ਼ਲ ਹੈ, ਜਦੋਂ ਮੈਂ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਗਿਆ ਤਾਂ ਦੇਖਿਆ ਕਿ ਲੜਕੀ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਸੀ, ਜੋ ਮੌਤ ਨਾਲ ਜੂਝ ਰਹੀ ਸੀ। ਬੀਤੇ ਦਿਨੀਂ ਉਸ ਦੀ ਮੌਤ ਹੋ ਜਾਣ ’ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਸ ਚੌਕੀ ਤਪਾ ਪਹੁੰਚ ਕੇ ਬਿਆਨ ਦਰਜ ਕਰਵਾਏ ਕਿ ਮ੍ਰਿਤਕਾ ਦੇ ਪਤੀ ਉਤਵਿੰਦਰ ਸਿੰਘ, ਸਹੁਰਾ ਰਘੁਵੀਰ ਸਿੰਘ, ਜੇਠ ਰਾਜਿੰਦਰ ਸਿੰਘ ਅਤੇ ਜੇਠਾਣੀ ਅਮਨੀ ਕੌਰ ਵੱਲੋਂ ਮਰਨ ਲਈ ਮਜਬੂਰ ਕਰਨ ’ਤੇ ਉਸ ਨੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰੂਘਰ ਦੇ ਕਮਰੇ ’ਚ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
ਮ੍ਰਿਤਕਾ ਆਪਣੇ ਪਿੱਛੇ 7 ਸਾਲਾ ਲੜਕਾ ਛੱਡ ਗਈ ਹੈ, ਜੋ ਇਥੇ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਹੈ। ਜਦ ਪੁਲਸ ਚੌਕੀ ਇੰਚਾਰਜ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਕਾਲੇਕੇ ਸੁਖਦੇਵ ਸਿੰਘ, ਸਾਬਕਾ ਪੰਚ ਗੁਰਮੇਲ ਸਿੰਘ, ਕਰਮ ਸਿੰਘ, ਜਸਵੀਰ ਸਿੰਘ, ਭਿੰਦਰ ਪਾਲ ਸਿੰਘ, ਜਗਦੇਵ ਸਿੰਘ, ਗੁਰਲਾਲ ਸਿੰਘ, ਮਲਕੀਤ ਸਿੰਘ, ਚਮਕੌਰ ਸਿੰਘ, ਜੱਗਾ ਸਿੰਘ, ਭੋਲਾ ਸਿੰਘ, ਗੁਰਸੇਵਕ ਸਿੰਘ, ਸੁੱਖਾ ਆਦਿ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            