ਦਹੇਜ ਦੀ ਮੰਗ ਤੋਂ ਤੰਗ ਆ ਕੇ ਪਤਨੀ ਨੇ ਪੀਤੀ ਸਪਰੇਅ , ਮੌਤ
Monday, Feb 15, 2021 - 10:29 PM (IST)

ਦੋਦਾ/ਸ੍ਰੀ ਮੁਕਤਸਰ ਸਾਹਿਬ, (ਲਖਵੀਰ ਸ਼ਰਮਾ, ਪਵਨ ਤਨੇਜਾ)- ਦਹੇਜ ਦੀ ਮੰਗ ਤੋਂ ਤੰਗ ਆ ਕੇ ਪਤਨੀ ਦੀ ਸਪਰੇਅ ਪੀਣ ਨਾਲ ਮੌਤ ਹੋਣ ਤੋਂ ਬਾਅਦ ਪੁਲਸ ਵੱਲੋਂ ਪਤੀ ਅਤੇ ਸੱਸ ’ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖੁੰਨਣ ਖੁਰਦ ’ਚ ਬੀਤੀ 7 ਫਰਵਰੀ ਨੂੰ ਮਨਪ੍ਰੀਤ ਕੌਰ ਪਤਨੀ ਲਖਵਿੰਦਰ ਸਿੰਘ ਨੇ ਸਪਰੇਅ (ਘਾਹ ’ਤੇ ਛਿੜਕਣ ਵਾਲੀ) ਪੀ ਲਈ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਸਬੰਧੀ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਕੰਗਨ ਖੇੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਕਿ ਉਸ ਦੀ ਲੜਕੀ ਦੀ ਸ਼ਾਦੀ ਤਿੰਨ ਮਹੀਨੇ ਪਹਿਲਾਂ ਲਖਵਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਖੁੰਨਣ ਖੁਰਦ ਨਾਲ ਹੋਈ ਸੀ। ਜਿਸ ਦੌਰਾਨ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਦੋ-ਤਿੰਨ ਵਾਰ ਮਿਲਣ ਵੀ ਆਈ, ਪਰ ਹਰ ਵਾਰ ਉਸ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਸੱਸ ਹਰ ਵਾਰ ਉਸ ਤੋਂ ਦਹੇਜ ’ਚ ਏ. ਸੀ. ਲਿਆਉਣ ਦੀ ਮੰਗ ਕਰਦੇ ਹਨ। ਜਿਸ ’ਤੇ ਉਨ੍ਹਾਂ ਕਈ ਵਾਰ ਆ ਕੇ ਆਪਣੇ ਜਵਾਈ ਅਤੇ ਉਸ ਦੀ ਮਾਤਾ ਨੂੰ ਉਨਾਂ ਦੇ ਘਰ ਆ ਕੇ ਸਮਝਾਇਆ ਕਿ ਉਹ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਦਹੇਜ ਦੇ ਚੁੱਕੇ ਹਨ ਪਰ ਬੀਤੀ 7 ਫਰਵਰੀ ਨੂੰ ਉਸ ਦੀ ਲੜਕੀ ਮਨਪ੍ਰੀਤ ਕੌਰ ਨੇ ਆਪਣੇ ਸਹੁਰਾ ਪਰਿਵਾਰ ਦੀ ਦਹੇਜ ਤੋਂ ਤੰਗ ਆ ਕੇ ਸਪਰੇਅ ਪੀ ਲਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਨੇ ਉਸ ਦੇ ਸਹੁਰਾ ਪਰਿਵਾਰ ਦੇ ਦਹੇਜ ਮੰਗਣ ਕਾਰਨ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਕੰਗਨ ਖੇੜਾ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਲਖਵਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਅਤੇ ਸੱਸ ਜਸਵਿੰਦਰ ਕੌਰ ਪਤਨੀ ਰਾਜਪਾਲ ਸਿੰਘ ’ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।