ਜਲੰਧਰ ਹੈ ਜਾਂ ਮਿਰਜ਼ਾਪੁਰ! ਬੇਖੌਫ ਲੁਟੇਰੇ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ
Sunday, Jul 28, 2024 - 12:33 AM (IST)
ਜਲੰਧਰ, (ਜ. ਬ.)– ਜਲੰਧਰ ਦੇ ਹਾਲਾਤ ਹੁਣ ਮਿਰਜ਼ਾਪੁਰ ਵਰਗੇ ਦਿਖਾਈ ਦੇਣ ਲੱਗੇ ਹਨ। ਸ਼ਹਿਰ ਵਿਚ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਜਿਥੇ ਦਿਨ-ਦਿਹਾੜੇ ਵੀਰਵਾਰ ਨੂੰ ਸ਼੍ਰੀ ਰਾਮ ਚੌਕ ਵਰਗੀ ਭੀੜ-ਭੜੱਕੇ ਵਾਲੀ ਸੜਕ ’ਤੇ ਇੰਪੀਰੀਅਰ ਮੈਡੀਕਲ ਹਾਲ ਵਿਚ ਲੁਟੇਰੇ ਗੰਨ ਪੁਆਇੰਟ ’ਤੇ ਲੱਗਭਗ 35 ਤੋਂ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਉਥੇ ਹੀ ਸ਼ੁੱਕਰਵਾਰ ਦੇਰ ਰਾਤ ਲੁਟੇਰਿਆਂ ਨੂੰ ਪ੍ਰੀਤ ਨਗਰ ਵਿਚ ਐਕਟਿਵਾ ਸਵਾਰ ਨੂੰ ਰੋਕ ਕੇ ਉਸਨੂੰ ਡਰਾ-ਧਮਕਾ ਕੇ ਲੈਪਟਾਪ ਲੁੱਟ ਲਿਆ।
ਇਕ ਅਜਿਹੀ ਹੀ ਵਾਰਦਾਤ ਸ਼ੁੱਕਰਵਾਰ ਦਿਨ-ਦਿਹਾੜੇ ਹੋਈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ 2 ਨੌਜਵਾਨ ਇਕ ਘਰ ਵਿਚ ਦਾਖਲ ਹੋ ਕੇ ਚੌਥੀ ਜਮਾਤ ਦੇ ਬੱਚੇ ਨੂੰ ਧੱਕਾ ਦੇ ਕੇ ਉਸਦਾ ਸਪੋਰਟਸ ਸਾਈਕਲ ਲੁੱਟ ਕੇ ਲੈਗਏ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿਚ ਲੁਟੇਰੇ ਬੇਖੌਫ ਹੋ ਚੁੱਕੇ ਹਨ ਅਤੇ ਸੁਰੱਖਿਆ ਦਾ ਸਿਸਟਮ ਨਾਕਾਮ ਦਿਖਾਈ ਦੇ ਰਿਹਾ ਹੈ।
ਕਾਲੀਆ ਕਾਲੋਨੀ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ 1.30 ਵਜੇ ਉਹ ਦਿੱਲੀ ਤੋਂ ਆਇਆ ਸੀ ਅਤੇ ਜਲੰਧਰਬੱਸ ਸਟੈਂਡ ’ਤੇ ਉਤਰ ਗਿਆ। ਪਾਰਕਿੰਗ ਵਿਚੋਂ ਉਸਨੇ ਆਪਣੀ ਐਕਟਿਵਾ ਚੁੱਕੀ ਅਤੇ ਘਰ ਨੂੰ ਚੱਲ ਪਿਆ। ਦੋਸ਼ ਹੈ ਕਿ ਜਿਉਂ ਹੀ ਦੋਆਬਾ ਚੌਕ ਤੋਂ ਕੁਝ ਦੂਰੀ ’ਤੇ ਅਮਨ ਨਗਰ ਦੇ ਬਾਹਰ ਪੁੱਜਾ ਤਾਂ ਬਾਈਕ ’ਤੇ ਆਏ 3 ਲੁਟੇਰਿਆਂ ਨੇ ਉਸਨੂੰ ਘੇਰ ਲਿਆ ਅਤੇ ਡਰਾਉਣ-ਧਮਕਾਉਣ ਲੱਗੇ।ਇੰਨੇ ਵਿਚ ਇਕ ਲੁਟੇਰੇ ਨੇ ਉਸਦਾ ਬੈਗ ਖੋਹ ਲਿਆ ਅਤੇ ਉਸ ਵਿਚੋਂ ਲੈਪਟਾਪ ਕੱਢ ਕੇ ਤੇਜ਼ ਰਫਤਾਰ ਨਾਲ ਫ਼ਰਾਰ ਹੋ ਗਏ। ਰਾਤ ਜ਼ਿਆਦਾ ਹੋਣ ਕਾਰਨ ਉਥੇ ਕੋਈ ਰਾਹਗੀਰ ਨਹੀਂ ਸੀ।