ਅਪਾਹਜ ਪ੍ਰਦਰਸ਼ਨਕਾਰੀਆਂ ਨੂੰ ਧਮਕੀ ਦੇ ਰਹੇ ਫਾਜ਼ਿਲਕਾ ਦੇ SHO ਦੀ ਵੀਡੀਓ ਵਾਇਰਲ
Wednesday, Jul 24, 2019 - 12:27 PM (IST)
ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਦੇ ਐੱਸ. ਐੱਚ. ਓ. ਦੀ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਐੱਸ.ਐੱਚ.ਓ. ਨਵਦੀਪ ਕੁਮਾਰ ਇਕ ਵਿਅਕਤੀ ਨੂੰ ਥਾਣੇ 'ਚ ਲੈ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪ੍ਰਮਾਣ ਪੱਤਰ ਨਾ ਬਣਾਏ ਜਾਣ ਕਰਕੇ ਅਪਾਹਿਜ ਵਿਅਕਤੀਆਂ ਵਲੋਂ ਹਸਪਤਾਲ ਦੇ ਗੇਟ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਉਥੇ ਆਉਣ-ਜਾਣ ਵਾਲੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਧਰਨੇ ਦੀ ਸੂਚਨਾ ਮਿਲਣ 'ਤੇ ਪਹੁੰਚੇ ਫਾਜ਼ਿਲਕਾ ਸਿਟੀ ਦੇ ਐੱਸ.ਐੱਚ.ਓ. ਨਵਦੀਪ ਕੁਮਾਰ ਨੇ ਉਕਤ ਲੋਕਾਂ ਨੂੰ ਗੇਟ ਤੋਂ ਦੂਰ ਜਾਣ ਲਈ ਕਿਹਾ।
ਧਰਨੇ 'ਤੇ ਬੈਠੇ ਅਪਾਹਿਜ ਵਿਅਕਤੀਆਂ ਨੇ ਜਦੋਂ ਉਨ੍ਹਾਂ ਦੀ ਗੱਲ ਮੰਨਣ 'ਤੋਂ ਇਨਕਾਰ ਕਰ ਦਿੱਤੀ ਤਾਂ ਐੱਸ.ਐੱਚ.ਓ. ਦਾ ਪਾਰਾ ਚੜ੍ਹ ਗਿਆ, ਜਿਸ ਕਾਰਨ ਧਰਨੇ ਦੀ ਅਗਵਾਈ ਕਰ ਰਹੇ ਨੌਜਵਾਨ ਤੇ ਐੱਸ. ਐੱਚ. ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ। ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਵਾਇਰਲ ਹੋ ਗਈ।