ਪ੍ਰਦੂਸ਼ਣ ਵਿਭਾਗ ਨੇ ਲਏ ਫਾਜ਼ਿਲਕਾ ਦੇ ਪਿੰਡਾਂ ਦੇ ਸੈਂਪਲ, ਨਿਕਲਿਆ ਜ਼ਹਿਰੀਲਾ ਪਾਣੀ
Wednesday, Sep 11, 2019 - 12:54 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਪ੍ਰਦੂਸ਼ਣ ਵਿਭਾਗ ਵਲੋਂ ਫਾਜ਼ਿਲਕਾ ਦੇ 10 ਪਿੰਡਾਂ 'ਚ ਲਗੇ ਟਿਊਬਵੈਲ ਅਤੇ ਹੈੱਡਪੰਪਾਂ ਦੇ ਪਾਣੀ ਦੇ 20 ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਲਏ ਗਏ ਪਾਣੀ ਦੇ ਸਾਰੇ ਸੈਂਪਲ ਫੇਲ ਹੋ ਗਏ ਹਨ, ਜਿਸ ਮੁਤਾਬਕ 10 ਦੇ 10 ਪਿੰਡਾਂ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਦੱਸ ਦੇਈਏ ਕਿ ਇਨ੍ਹਾਂ 20 ਸੈਂਪਲਾਂ ਦੇ ਨਾਲ-ਨਾਲ 5 ਸੈਂਪਲ ਇਲਾਕੇ ਦੇ ਡ੍ਰੇਨਾਂ ਦੇ ਵੀ ਲਏ ਗਏ ਸਨ, ਜਿਨ੍ਹਾਂ ਨੂੰ ਥਾਪਰ ਯੂਨੀਵਰਸਿਟੀ ਪਟਿਆਲਾ ਭੇਜ ਦਿੱਤਾ ਗਿਆ ਸੀ, ਜਿਸ ਦੀ ਰਿਪੋਰਟ ਸਾਰਿਆਂ ਦੇ ਸਾਹਮਣੇ ਆ ਗਈ ਹੈ। ਪੈਰਾਮੀਟਰ ਦੇ ਹਿਸਾਬ ਨਾਲ ਕੋਈ ਵੀ ਪਾਣੀ ਦਾ ਕੋਈ ਵੀ ਸੈਂਪਲ ਪਾਸ ਨਹੀਂ ਹੋਇਆ, ਜਿਸ ਕਾਰਨ ਕਿਸੇ ਵੀ ਪਿੰਡ ਦੇ ਨਲਕੇ ਅਤੇ ਟਿਊਬਵੈੱਲ ਦਾ ਪਾਣੀ ਪੀਣ ਯੋਗ ਨਹੀਂ ਹੈ।
ਇਸ ਸਬੰਧ 'ਚ ਫਾਜ਼ਿਲਕਾ ਦੇ ਐੱਸ.ਡੀ.ਐੱਮ. ਸੁਭਾਸ਼ ਖਟਕ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧਿਤ ਵਿਭਾਗਾਂ ਨਾਲ ਸ਼ਨੀਵਾਰ ਨੂੰ ਡੀ.ਸੀ. ਕੰਪਲੈਕਸ 'ਚ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ, ਜਿਸ 'ਚ ਰਿਪੋਰਟ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ 'ਚ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਦੂਜੇ ਪਾਸੇ ਇਲਾਕੇ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਾਹਮਣੇ ਆਈ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਸਰਕਾਰ ਨੇ ਆਰੋ ਸਿਸਟਮ ਅਤੇ ਟ੍ਰੀਟਮੈਂਟ ਲਗਾ ਕੇ ਦੂਰ ਕੀਤਾ ਸੀ, ਜਿਸ ਨਾਲ ਲੋਕਾਂ ਨੂੰ ਸਾਫ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਸੀ। ਕਾਂਗਰਸ ਸਰਕਾਰ ਨੇ ਆਉਦੇ ਸਾਰ ਇਨ੍ਹਾਂ ਸਾਰੇ ਕੰਮਾਂ ਨੂੰ ਠੱਪ ਕਰ ਦਿੱਤਾ।