ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ’ਤੇ ਪਾਕਿ ਤੋਂ ਆਈਆਂ ਟਿੱਡੀਆਂ ਦਾ ਹਮਲਾ (ਵੀਡੀਓ)
Monday, Feb 03, 2020 - 03:44 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਪੰਜਾਬ ਦੇ ਕਈ ਪਿੰਡਾਂ 'ਚ ਹਮਲਾ ਕਰਨ ਤੋਂ ਬਾਅਦ ਹੁਣ ਕਰੋੜਾਂ ਦੀ ਤਦਾਦ 'ਚ ਟਿੱਡੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਤੇ ਹੱਲਾ ਬੋਲ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਸਟੇ ਪਿੰਡ ਰੂਪਨਗਰ ਅਤੇ ਬਕੈਨ ਵਾਲਾ ’ਚ ਪਾਕਿਸਤਾਨ ਤੋਂ ਕਰੋੜਾਂ ਦੀ ਤਦਾਦ 'ਚ ਆਈ ਟਿੱਡੀ ਦਲ ਨੇ ਕਿਸਾਨਾਂ ਦੀਆਂ ਫਸਲਾਂ 'ਤੇ ਹਮਲਾ ਕਰ ਦਿੱਤਾ ਹੈ। ਟਿੱਡੀਆਂ ਵਲੋਂ ਕੀਤੇ ਗਏ ਹਮਲੇ ਦੇ ਕਾਰਨ ਕਿਸਾਨਾਂ ਦੀ 70 ਫੀਸਦੀ ਫਸਲ ਨੁਕਸਾਨੀ ਗਈ ਹੈ। ਆਸਮਾਨ ’ਚ ਵੱਡੀ ਗਿਣਤੀ ’ਚ ਉੱਡ ਰਹੇ ਟਿੱਡੀ ਦਲ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਉਕਤ ਪਿੰਡਾਂ ਦੇ ਕਿਸਾਨਾਂ ਵਲੋਂ ਟਿੱਡੀਆਂ ਤੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ, ਜਿਥੇ ਕੀਟਨਾਸ਼ਕ ਸਪਰੇ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਉਨ੍ਹਾਂ ਨੇ ਅਧਿਕਾਰੀਆਂ ਤੋਂ ਫਾਇਰ ਬ੍ਰਿਗੇਡ ਦੀ ਵੀ ਮੰਗ ਕੀਤੀ ਹੈ। ਟਿੱਡੀ ਦਲ ਦੀ ਦਹਿਸ਼ਤ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਅਫਸਰ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿੱਡੀ ਦਲ ਦੇ ਕਾਰਨ ਕਿਸਾਨ ਖੇਤੀਬਾੜੀ ਅਫਸਰਾਂ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਅਫਸਰ ਉਨ੍ਹਾਂ ਕੋਲ ਆਏ ਤਾਂ ਜ਼ਰੂਰ ਪਰ ਉਨ੍ਹਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਉਹ ਸਰਹੱਦ 'ਤੇ ਸਲਫੀਆਂ ਲੈਣ 'ਚ ਮਸ਼ਰੂਫ ਵਿਖਾਈ ਦਿੱਤੇ । ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ’ਤੇ ਜਲਦ ਕਾਬੂ ਪਾਇਆ ਜਾਵੇਗਾ। ਦੱਸ ਦੇਈਏ ਕਿ ਟਿੱਡੀ ਦਲ ਨੂੰ ਲੈ ਕੇ ਕਿਸਾਨਾਂ ਦੇ ਮਨਾਂ 'ਚ ਪਨਪ ਰਿਹਾ ਡਰ ਵਧਦਾ ਹੀ ਜਾ ਰਿਹਾ ਹੈ। ਸਮਾਂ ਆਉਣ ’ਤੇ ਹੀ ਪਤਾ ਲੱਗ ਸਕਦਾ ਹੈ ਕਿ ਸਰਕਾਰ ਇਸ ਮਸਲੇ 'ਤੇ ਕੋਈ ਪੁਖਤਾ ਕਦਮ ਚੁੱਕਦੀ ਹੈ ਜਾਂ ਫਿਰ ਮਹਿਜ਼ ਅਲਰਟ ਜਾਰੀ ਕਰ ਚੁੱਪੀ ਵੱਟ ਲਵੇਗੀ।