ਪੰਜਾਬ ’ਚ ਟਿੱਡੀ ਦਲ : ਰਾਜਸਥਾਨ ਵਲੋਂ ਮੌਜੂਦਾ ਹਮਲੇ ਦਾ ਖਦਸ਼ਾ ਘਟਿਆ ਪਰ ਸੁਚੇਤ ਰਹਿਣ ਦੀ ਲੋੜ

Tuesday, Jan 28, 2020 - 12:02 PM (IST)

ਪੰਜਾਬ ’ਚ ਟਿੱਡੀ ਦਲ : ਰਾਜਸਥਾਨ ਵਲੋਂ ਮੌਜੂਦਾ ਹਮਲੇ ਦਾ ਖਦਸ਼ਾ ਘਟਿਆ ਪਰ ਸੁਚੇਤ ਰਹਿਣ ਦੀ ਲੋੜ

ਫਾਜ਼ਿਲਕਾ (ਨਾਗਪਾਲ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਲਈ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਟਿੱਡੀ ਦਲ ਚਿਤਾਵਨੀ ਸੰਗਠਨ (ਐੱਲ. ਡਬਲਯੂ. ਓ.) ਭਾਰਤ ’ਚ ਰਾਜਸਥਾਨ ਅਤੇ ਗੁਜਰਾਤ ਦੇ ਨਿਰਧਾਰਤ ਰੇਗਿਸਤਾਨ ਖੇਤਰ ’ਚ ਇਸ ਦਾ ਨਿਯਮਿਤ ਸਰਵੇਖਣ ਕਰਦਾ ਹੈ ਤਾਂ ਜੋ ਟਿੱਡੀ ਦਲ ਦੀ ਮੌਜੂਦਗੀ ਦੀ ਨਿਗਰਾਨੀ ਕੀਤੀ ਜਾ ਸਕੇ। ਜੇ ਟਿੱਡੀਆਂ ਦੀ ਗਿਣਤੀ 10,000 ਬਾਲਗ ਟਿੱਡੀਆਂ ਪ੍ਰਤੀ ਹੈਕਟੇਅਰ ਜਾਂ 5 ਤੋਂ 6 ਟਿੱਡੀਆਂ ਪ੍ਰਤੀ ਝਾੜੀ ਹੋਵੇ ਤਾਂ ਇਸ ਨੂੰ ਕਾਬੂ ਕਰਨ ਦੀ ਲੋੜ ਹੁੰਦੀ ਹੈ। ਰਾਜਸਥਾਨ ਅਤੇ ਗੁਜਰਾਤ ਸੂਬੇ ’ਚੋਂ ਬੀਤੇ ਕੁਝ ਦਿਨਾਂ ਤੋਂ ਟਿੱਡੀ ਦਲ ਦੇ ਹਮਲੇ ਤੇ ਰੋਕਥਾਮ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਚ ਟਿੱਡੀ ਦਲ ਦੇ ਪੰਜਾਬ ’ਚ ਰਾਜਸਥਾਨ ਅਤੇ ਪਾਕਿ ਸਰਹੱਦ ਨਾਲ ਲਗਦੇ ਜ਼ਿਲਿਆਂ ’ਚ ਦਾਖਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸਰਦੀਆਂ ਦੇ ਮੌਸਮ ’ਚ ਟਿੱਡੀ ਦਲ ਦੇ ਹਾਪਰਾਂ ਦਾ ਇਹ ਇਕ ਨਵਾਂ ਵਰਤਾਰਾ ਹੈ ਅਤੇ ਇਹ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਪੂਰੇ ਧਿਆਨ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਟਿੱਡੀ ਦਲ ਵਾਸਤੇ ਸਰਵੇਖਣ ਕਰ ਰਿਹਾ ਹੈ। ਅਜੇ ਤੱਕ ਪੰਜਾਬ ’ਚ ਕਿਸੇ ਵੀ ਥਾਂ ’ਤੇ ਟਿੱਡੀ ਦਲ ਦਾ ਨੁਕਸਾਨ ਵੇਖਣ ਵਿਚ ਨਹੀਂ ਆਇਆ ਹੈ। ਤਾਜ਼ਾ ਸਰਵੇਖਣਾਂ ਵਿਚ ਫਾਜ਼ਿਲਕਾ ਜ਼ਿਲੇ ਦੇ ਗੁੰਮਜਾਲ, ਡੰਗਰਖੇਡ਼ਾ, ਪੰਜਾਵਾ, ਪੰਨੀਵਾਲਾ ਮਾਹਲਾ, ਅਚਡ਼ਕੀ, ਭੰਗਰਖੇਡ਼ਾ, ਰੂਪਨਗਰ, ਬਾਰੇਕਾ, ਬਕੈਣਵਾਲਾ, ਹਰੀਪੁਰਾ, ਖੁਈਆਂ ਸਰਵਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਰਾਣੀਵਾਲਾ, ਮਿੱਡਾ, ਅਸਪਾਲ, ਵਿਰਕ ਖੇਡ਼ਾ, ਭਾਗਸਰ ਆਦਿ ਪਿੰਡਾਂ ’ਚ ਟਿੱਡੀ ਦਲ ਦੇ ਕੁਝ ਹਾਪਰ ਜਾਂ ਛੋਟੇ ਸਮੂਹ (5-20 ਟਿੱਡੇ) ਪਾਏ ਗਏ ਹਨ। ਇਹ ਘੱਟ ਗਿਣਤੀ ਟਿੱਡੇ ਫਸਲਾਂ ਆਦਿ ਨੂੰ ਆਮ ਟਿੱਡੀਆਂ ਵਾਂਗ ਹੀ ਨੁਕਸਾਨ ਕਰ ਸਕਦੇ ਹਨ। ਇਸ ਸਮੇਂ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋਡ਼ ਹੈ ਨਾ ਕਿ ਸੋਸ਼ਲ ਮੀਡੀਆ ’ਤੇ ਚਲ ਰਹੀਆਂ ਕੁਝ ਖਬਰਾਂ ਤੋਂ ਘਬਰਾ ਕੇ ਛਿਡ਼ਕਾਅ ਕਰਨ ਦੀ। ਟਿੱਡੀ ਦਲ ਦੇ ਬਾਲਗ ਕੀਡ਼ੇ ਦੀ ਪਛਾਣ ਇਸ ਦੇ ਪੀਲੇ ਰੰਗ ਦੇ ਸਰੀਰ ਉਪਰ ਕਾਲੇ ਰੰਗ ਦੇ ਨਿਸ਼ਾਨਾਂ ਅਤੇ ਜਬਾਡ਼ੇ ਗੂਡ਼੍ਹੇ ਜਾਮਣੀ ਤੋਂ ਕਾਲੇ ਰੰਗ ਤੋਂ ਹੁੰਦੀ ਹੈ।

ਡਾ. ਪ੍ਰਦੀਪ ਕੁਮਾਰ, ਮੁਖੀ ਕੀਟ ਵਿਗਿਆਨ ਵਿਭਾਗ, ਪੀ. ਏ. ਯੂ., ਲੁਧਿਆਣਾ ਨੇ ਕਿਸਾਨਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਮੌਜੂਦਾ ਟਿੱਡੀ ਦਲ ਦੇ ਕੁਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋਡ਼ ਨਹੀਂ ਹੈ ਕਿਉਂਕਿ ਇਹ ਫਸਲਾਂ ਆਦਿ ਦਾ ਆਰਥਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਰਾਜਸਥਾਨ ਵੱਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਹੈ। ਸਰਹੱਦ ਦੇ ਉਸ ਪਾਰੋਂ ਕਿਸੇ ਨਵੇਂ ਟਿੱਡੀ ਦਲ ਦੇ ਸਮੂਹ ਦੀ ਆਮਦ ਉੱਪਰ ਟਿੱਡੀ ਦਲ ਚਿਤਾਵਨੀ ਸੰਗਠਨ, ਖੇਤੀਬਾਡ਼ੀ ਵਿਭਾਗ, ਪੰਜਾਬ ਅਤੇ ਪੀ. ਏ. ਯੂ. ਦੇ ਸਾਇੰਸਦਾਨਾਂ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। ਕਿਸਾਨ ਵੀਰਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੀਡ਼ੇ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ’ਚ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ. ਏ. ਯੂ. ਜਾਂ ਪੰਜਾਬ ਸਰਕਾਰ ਦੇ ਖੇਤੀਬਾਡ਼ੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀਡ਼ੇ ਦੀ ਸੁਚੱਜੀ ਰੋਕਥਾਮ ਕਰ ਕੇ ਫਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ।


author

rajwinder kaur

Content Editor

Related News