ਟੈਟ ਦੀ ਪ੍ਰੀਖਿਆ ਦੇਣ ਜਾਂਦੇ ਅਧਿਆਪਕਾਂ ਕਾਰਨ ਟੋਲ ਨਾਕਿਆਂ ’ਤੇ ਲੱਗੀਆਂ ਲਾਇਨਾਂ
Sunday, Jan 19, 2020 - 12:39 PM (IST)
ਫਾਜ਼ਿਲਕਾ/ਜਲਾਲਾਬਾਦ (ਸੇਤੀਆ) - 19 ਜਨਵਰੀ ਦੀ ਸਵੇਰ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਉਸ ਸਮੇਂ ਟ੍ਰੈਫਿਕ ਦੀ ਸਮੱਸਿਆ ਖੜ੍ਹੀ ਹੋ ਗਈ, ਜਦੋਂ ਅਧਿਆਪਕ ਯੋਗਤਾ ਟੈਸਟ ’ਚ ਬੈਠਣ ਲਈ ਹਜ਼ਾਰਾਂ ਅਧਿਆਪਕ ਪ੍ਰੀਖਿਆ ਕੇਂਦਰਾਂ ਵੱਲ ਨੂੰ ਨਿਕਲ ਪਏ। ਇਸ ਦੌਰਾਨ ਟੋਲ ਪਲਾਜ਼ਾ ਨਾਕਿਆਂ ’ਤੇ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਸੜਕ ’ਤੇ ਦੋ ਟੋਲ ਬੈਰੀਅਰ ਹਨ । ਪੰਜਾਬ ਸਿੱਖਿਆ ਵਿਭਾਗ ਵਲੋਂ ਲਈ ਜਾ ਰਹੀ ਪ੍ਰੀਖਿਆ ਦੇ ਜ਼ਿਲਾ ਫਾਜ਼ਿਲਕਾ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕਾਂ ਲਈ ਫਿਰੋਜ਼ਪੁਰ ਪ੍ਰੀਖਿਆ ਕੇਂਦਰ ਬਣੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਅਧਿਆਪਕਾਂ ਨੇ ਫ਼ਾਜ਼ਿਲਕਾ ਵਿਖੇ ਬਣੇ ਪ੍ਰੀਖਿਆ ਕੇਂਦਰਾਂ ’ਚ ਪ੍ਰੀਖਿਆ ਦੇਣੀ ਹੈ । ਫ਼ਾਜ਼ਿਲਕਾ ਅੰਦਰ ਬਣੇ 12 ਪ੍ਰੀਖਿਆ ਕੇਂਦਰਾਂ ’ਚ 12788 ਅਧਿਆਪਕਾਂ ਨੇ ਟੈਸਟ ਦੇਣ ਲਈ ਬੈਠਣਾ ਹੈ।ਕੁਝ ਅਧਿਆਪਕਾਂ ਕੋਲ ਆਪਣੀਆਂ ਕਾਰਾਂ ਜੀਪਾਂ ਹਨ ਤਾਂ ਕਈ ਸਾਂਝੇ ਤੌਰ ’ਤੇ ਕਿਰਾਏ ਵਾਲੇ ਵਹੀਕਲ ਬਣਾ ਕੇ ਪ੍ਰੀਖਿਆ ਕੇਂਦਰਾਂ ਵੱਲ ਜਾ ਰਹੇ ਸਨ ।
ਟੋਲ ਨਾਕਿਆਂ ’ਤੇ 4 ਤੋਂ 5 ਕਿਲੋਮੀਟਰ ਲੰਬੀਆਂ ਕਤਾਰਾਂ ਲੱਗਣ ’ਤੇ ਇਹ ਮਾਮਲਾ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਧਿਆਨ ’ਚ ਆਇਆ। ਡੀ.ਸੀ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਨੇ ਇਸ ਸਬੰਧੀ ਫੌਰੀ ਐਕਸ਼ਨ ਲੈਂਦਿਆਂ ਆਦੇਸ਼ ਜਾਰੀ ਕੀਤੇ ਕਿ ਪ੍ਰੀਖਿਆ ’ਚ ਬੈਠਣ ਜਾ ਰਹੇ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਦੇਖ ਕੇ ਕਾਰਾਂ ਜੀਪਾਂ ਨੂੰ ਲੰਘਣ ਦਿੱਤਾ ਜਾਵੇ। ਇਸ ਸਬੰਧੀ ਟੋਲ ਪਲਾਜ਼ਾ ’ਤੇ ਸਿਵਲ ਅਤੇ ਪੁਲਸ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸ ਸਬੰਧੀ ਅਧਿਆਪਕ ਆਗੂ ਦੀਪਕ ਕੰਬੋਜ ਨੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਪ੍ਰੀਖਿਆਰਥੀਆਂ ਵਲੋਂ ਹਾਜ਼ਰੀ ਦੇਣ ਦਾ 9.15 ਸਵੇਰ ਵਜੇ ਦਾ ਸਮਾਂ ਲੰਘ ਜਾਣਾ ਸੀ, ਜਿਸ ਨਾਲ ਅਨੇਕਾਂ ਬੇਰੁਜ਼ਗਾਰ ਅਧਿਆਪਕਾਂ ਦਾ ਭਵਿੱਖ ਪ੍ਰਭਾਵਤ ਹੋ ਜਾਂਦਾ ।