ਨੰਨ ਰੇਪ ਕੇਸ: ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਦੀ ਲਾਸ਼ ਚਰਚ ਦੇ ਕਮਰੇ 'ਚੋਂ ਮਿਲੀ

Monday, Oct 22, 2018 - 03:43 PM (IST)

ਨੰਨ ਰੇਪ ਕੇਸ: ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਦੀ ਲਾਸ਼ ਚਰਚ ਦੇ ਕਮਰੇ 'ਚੋਂ ਮਿਲੀ

ਦਸੂਹਾ (ਸੋਨੂੰ, ਝਾਵਰ)— ਬਹੁ ਚਰਚਿਤ ਨੰਨ ਰੇਪ ਕੇਸ ਮਾਮਲੇ 'ਚ ਫਰੈਂਕੋ ਮੁਲੱਕਲ ਖਿਲਾਫ ਗਵਾਹੀ ਦੇਣ ਵਾਲੇ ਫਾਦਰ ਕੁਰੀਆਕੋਸ ਕੱਟੂਥਰਾ ਦਸੂਹਾ ਦੀ ਸੈਂਟ ਮੈਰੀ ਚਰਚ ਦੇ ਇਕ ਕਮਰੇ 'ਚ ਮ੍ਰਿਤਕ ਮਿਲੇ। ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਕੁਰੀਆਕੋਸ ਦੇ ਭਰਾ ਨੇ ਪਾਦਰੀ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। 

ਮਿਲੀ ਜਾਣਕਾਰੀ ਮੁਤਾਬਕ ਕੁਰੀਆਕੋਸ ਇਕ ਪਾਦਰੀ ਸਨ। ਦਸੂਹਾ ਵਿਖੇ ਸੇਂਟ ਪਾਲ ਸਕੂਲ 'ਚ ਬਣੀ ਇਕ ਚਰਚ 'ਚ ਰਹਿੰਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਫਾਦਰ ਹਾਊਸ ਦੀ ਰਸੋਈ 'ਚ ਖਾਣਾ ਬਣਾਉਣ ਵਾਲੇ ਸੇਵਾਦਾਰ ਮਦਨ ਲਾਲ ਅਤੇ ਸਕੂਲ ਦੇ ਹੋਰ ਮੁਲਾਜ਼ਮਾਂ ਨੇ ਫਾਦਰ ਹਾਊਸ ਦਾ ਦਰਵਾਜ਼ਾ ਸਵੇਰੇ ਬੰਦ ਦੇਖਿਆ, ਜੋ ਖੜਕਾਉਣ 'ਤੇ ਵੀ ਨਹੀਂ ਖੁੱਲ੍ਹਿਆ। ਦਰਵਾਜ਼ਾ ਭੰਨ ਕੇ ਜਦੋਂ ਅੰਦਰ ਦੇਖਿਆ ਤਾਂ ਬੈੱਡ 'ਤੇ ਪਾਦਰੀ ਦੀ ਲਾਸ਼ ਪਈ ਸੀ।
ਜ਼ਿਕਰਯੋਗ ਹੈ ਕਿ ਕੇਰਲਾ ਵਾਸੀ ਮ੍ਰਿਤਕ ਜਲੰਧਰ ਦੇ ਫਰੈਂਕੋ ਮੁਲੱਕਲ ਨੰਨ ਜਬਰ-ਜ਼ਨਾਹ ਕੇਸ ਦਾ ਮੁੱਖ ਗਵਾਹ ਸੀ। 15 ਦਿਨ ਪਹਿਲਾਂ ਹੀ ਭੋਗਪੁਰ ਦੇ ਕੈਥੋਲਿਕ ਚਰਚ ਤੋਂ ਉਸ ਦੀ ਬਦਲੀ ਦਸੂਹਾ ਦੇ ਕੈਥੋਲਿਕ ਚਰਚ 'ਚ ਹੋਈ ਸੀ। ਚਰਚ ਦਾ ਮੁੱਖ ਪਾਦਰੀ ਜੇਮਸ ਮੈਥਿਊ ਪਿਛਲੇ ਕੁਝ ਦਿਨਾਂ ਤੋਂ ਛੁੱਟੀ ਲੈ ਕੇ ਕੇਰਲਾ ਗਿਆ ਹੋਇਆ ਹੈ। ਸੇਂਟ ਪਾਲ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਸਿਸਟਰ ਲਿਜਵਤ ਪੱਤਰਕਾਰਾਂ ਤੋਂ ਬਚਦੀ ਰਹੀ ਅਤੇ ਜਲੰਧਰ ਤੋਂ ਪਹੁੰਚੇ ਪਾਦਰੀ ਵੀ ਇਸ ਸਬੰਧੀ ਚੁੱਪ ਰਹੇ। ਇਸ ਮੌਕੇ ਪਹੁੰਚੇ ਡਾਗ ਸਕੁਐਡ ਇੰਚਾਰਜ ਸੁਰਜੀਤ ਸਿੰਘ ਨੇ ਫਾਦਰ ਹਾਊਸ ਦੀ ਪੂਰੀ ਜਾਂਚ ਕੀਤੀ। ਇਸ ਦੇ ਨਾਲ ਹੀ ਬੈੱਡ 'ਤੇ ਉਲਟੀਆਂ ਦੇ ਨਿਸ਼ਾਨ ਵੀ ਮਿਲੇ ਹਨ। ਲਾਸ਼ ਦੇ ਕੋਲੋਂ ਵਿਦੇਸ਼ੀ ਸ਼ਰਾਬ ਦੀਆਂ ਤਿੰਨ ਬੋਤਲਾਂ ਬਰਾਮਦ ਹੋਈਆਂ ਹਨ। ਪਰਿਵਾਰ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਫਾਦਰ ਦਾ ਕਤਲ ਕੀਤਾ ਗਿਆ ਹੈ। 

PunjabKesari

ਉਥੇ ਹੀ ਸਕੂਲ ਦੀ ਪ੍ਰਿੰਸੀਪਲ ਲਾਪਤਾ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਏਲਿਨਚੇਲੀਅਨ ਨੇ ਦੱਸਿਆ ਕਿ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਚਰਚ ਵਾਲੇ ਫਾਦਰ ਦੀ ਲਾਸ਼ ਨੂੰ ਹਸਪਤਾਲ ਲੈ ਗਏ। ਮੌਕੇ 'ਤੇ ਏ. ਐੱਸ. ਆਈ ਬਲਵਿੰਦਰ ਸਿੰਘ ਵੀ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਦੁਪਹਿਰ ਸਮੇਂ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ ਗਿਆ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਦਵਿੰਦਰ ਪੁਰੀ ਅਨੁਸਾਰ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਇਸ ਜਗ੍ਹਾ ਪੁਲਸ ਦਾ ਪਹਿਰਾ ਲਗਾ ਦਿੱਤਾ ਗਿਆ ਹੈ।
ਦੁਪਹਿਰ ਬਾਅਦ ਘਟਨਾ ਸਥਾਨ 'ਤੇ ਪਹੁੰਚੇ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਨੇ ਫਾਦਰ ਹਾਊਸ ਦੇ ਉਸ ਕਮਰੇ ਦਾ ਨਿਰੀਖਣ ਕੀਤਾ, ਜਿੱਥੋਂ ਅਸਿਸਟੈਂਟ ਪਾਦਰੀ ਦੀ ਲਾਸ਼ ਮਿਲੀ ਹੈ। ਉਨ੍ਹਾਂ ਨਾਲ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ ਵੀ ਸਨ। ਜਾਂਚ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸਿਸਟੈਂਟ ਪਾਦਰੀ ਦੀ ਮੌਤ ਕੁਦਰਤੀ ਹੀ ਲੱਗਦੀ ਹੈ, ਕਤਲ ਸਬੰਧੀ ਕੋਈ ਸਬੂਤ ਨਹੀਂ ਮਿਲੇ, ਫਿਰ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਫੋਰੈਂਸਿਕ ਮੈਡੀਸਨ ਦੇ ਮਾਹਿਰ ਡਾਕਟਰਾਂ ਦੇ ਬੋਰਡ ਕੋਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ।
ਮ੍ਰਿਤਕ ਪਾਦਰੀ ਦੇ ਭਰਾ ਨੇ ਕੇਰਲਾ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਮ੍ਰਿਤਕ ਪਾਦਰੀ ਦੇ ਭਰਾ ਜੋਸ਼ ਕੂਰੀਅਨ ਨੇ ਕੇਰਲਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਪੂਰੀਅਨ ਕੋਸ਼ ਉਰਫ ਕੁਰੀਆਕੋਸ ਕੱਟੂਥਰਾ ਦੀ ਮੌਤ, ਜੋ ਦਸੂਹਾ ਵਿਖੇ ਹੋਈ ਹੈ, ਇਸ ਸਬੰਧੀ ਪਰਿਵਾਰ ਨੂੰ ਪੂਰਾ ਸ਼ੱਕ ਹੈ ਕਿ ਉਸ ਦਾ ਕਤਲ ਹੋਇਆ ਹੈ ਕਿਉਂਕਿ ਮ੍ਰਿਤਕ ਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਮ੍ਰਿਤਕ ਬਿਸ਼ਪ ਫਰੈਂਕੋ ਨੰਨ ਜਬਰ-ਜ਼ਨਾਹ ਕੇਸ ਦਾ ਮੁੱਖ ਗਵਾਹ ਸੀ ਅਤੇ ਉਸ ਨੇ ਕੇਰਲਾ ਦੀ ਮਾਣਯੋਗ ਅਦਾਲਤ 'ਚ 161 ਸੀ. ਆਰ. ਪੀ. ਸੀ. ਸਬੰਧੀ ਬਿਆਨ ਵੀ ਦਰਜ ਕਰਵਾਏ ਸਨ। ਉਨ੍ਹਾਂ ਮੁੱਖ ਮੰਤਰੀ ਕੇਰਲਾ ਤੋਂ ਇਨਸਾਫ ਦੀ ਮੰਗ ਕੀਤੀ ਹੈ। ਕ੍ਰਿਸਚੀਅਨ ਮੂਵਮੈਂਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਤੋਂ ਮੰਗ ਕੀਤੀ ਕਿ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਕਿ ਇਸ ਭੇਤਭਰੀ ਮੌਤ ਦੀ ਅਸਲੀਅਤ ਦਾ ਪਤਾ ਲੱਗ ਸਕੇ।


Related News