ਸਬਜ਼ੀ ਲੈਣ ਗਏ ਪਿਓ-ਧੀ ਲਾਪਤਾ
Saturday, Sep 09, 2017 - 08:11 AM (IST)
ਮਲੋਟ (ਵਿਕਾਸ) - ਬੀਤੀ ਸ਼ਾਮ ਸਥਾਨਕ ਟਰੱਕ ਯੂਨੀਅਨ ਦੇ ਸਾਹਮਣੇ ਰਹਿਣ ਵਾਲਾ ਇਕ ਨੌਜਵਾਨ ਜਤਿੰਦਰਪਾਲ ਸਿੰਘ ਉਰਫ ਰਿੰਕੂ ਆਪਣੀ 6 ਸਾਲਾ ਬੇਟੀ ਅੰਮ੍ਰਿਤਪਾਲ ਕੌਰ ਦੇ ਨਾਲ ਸਬਜ਼ੀ ਲੈਣ ਗਿਆ ਘਰ ਨਹੀਂ ਪਰਤਿਆ ਜਿਸ ਦੀ ਸੂਚਨਾ ਪਰਿਵਾਰਿਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ। ਪੁਲਸ ਵਲੋਂ ਤਫਤੀਸ਼ ਦੌਰਾਨ ਲਾਪਤਾ ਜਤਿੰਦਰਪਾਲ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਪਤਾ ਕਰਵਾਈ ਤਾਂ ਉਹ ਲੰਬੀ ਦੇ ਮੋਬਾਇਲ ਟਾਵਰ ਦੀ ਮਿਲੀ। ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਆਸ-ਪਾਸੇ ਦੇ ਧਾਰਮਿਕ ਅਸਥਾਨਾਂ 'ਤੇ ਕਰਨ ਉਪਰੰਤ ਵੀ ਲਾਪਤਾ ਨੌਜਵਾਨ ਅਤੇ ਉਸ ਦੀ ਲੜਕੀ ਦਾ ਕੋਈ ਪਤਾ ਨਹੀਂ ਲੱਗਿਆ। ਰਿੰਕੂ ਦੇ ਭਰਾ ਸਤਿੰਦਰਪਾਲ ਨੇ ਦੱਸਿਆ ਕਿ ਉਸ ਦਾ ਭਰਾ ਦਿਮਾਗੀ ਤੌਰ 'ਤੇ ਠੀਕ ਨਹੀਂ ਰਹਿੰਦਾ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ। ਬੀਤੀ ਸ਼ਾਮ ਜਦੋਂ ਉਹ ਮੋਟਰਸਾਈਕਲ 'ਤੇ ਜਾਣ ਲੱਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਹ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਸਬਜ਼ੀ ਲੈਣ ਜਾ ਰਿਹਾ ਹੈ। ਉਸ ਦੀ ਬੇਟੀ ਅੰਮ੍ਰਿਤਪਾਲ ਕੌਰ ਵੀ ਉਸ ਨਾਲ ਚਲੀ ਗਈ ਪਰ ਜਦੋਂ ਦੇਰ ਸ਼ਾਮ ਤੱਕ ਉਹ ਘਰ ਵਾਪਿਸ ਨਾ ਆਇਆ ਤਾਂ ਉਸ ਦੀ ਭਾਲ ਆਰੰਭ ਕੀਤੀ ਗਈ।
ਅੱਜ ਸਵੇਰੇ ਜਦੋਂ ਸਰਹੰਦ ਨਹਿਰਾਂ 'ਤੇ ਮੌਜੂਦ ਚੌਕੀਦਾਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕੱਲ ਸ਼ਾਮ ਇਕ ਵਿਅਕਤੀ ਜਿਸ ਦੇ ਪਿੱਛੇ ਇਕ ਬੱਚਾ ਬੈਠਾ ਸੀ, ਮੋਟਰਸਾਈਕਲ ਨੂੰ ਸਿੱਧਾ ਨਹਿਰਾਂ ਵੱਲ ਲੈ ਗਿਆ ਜਦੋਂ ਕਿ ਪਿੱਛੇ ਬੈਠੇ ਬੱਚੇ ਨੇ ਰੌਲਾ ਪਾਇਆ ਕਿ ਪਾਪਾ ਇਸ ਤਰ੍ਹਾਂ ਨਾ ਕਰੋ ਪਰ ਉਕਤ ਨੌਜਵਾਨ ਨੇ ਮੋਟਰਸਾਈਕਲ ਸਿੱਧਾ ਨਹਿਰ ਵਿਚ ਉਤਾਰ ਦਿੱਤਾ। ਇਹ ਪਤਾ ਲੱਗਣ 'ਤੇ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਗੋਤਾਖੋਰਾਂ ਨੂੰ ਬੁਲਾਇਆ ਤੇ ਨਹਿਰ ਵਿਚੋਂ ਉਸ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਜਦਕਿ 4 ਗੋਤਾਖੋਰਾਂ ਵੱਲੋਂ ਲੜਕੀ ਅਤੇ ਜਤਿੰਦਰਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
