ਪਿਤਾ ਲਈ ਧੀ ਨੇ ਦਿੱਤੀ ਵੱਡੀ ਕੁਰਬਾਨੀ, ਜਾਨ ਬਚਾਉਣ ਲਈ ਆਈ ਅੱਗੇ

Wednesday, Jan 22, 2020 - 07:01 PM (IST)

ਪਿਤਾ ਲਈ ਧੀ ਨੇ ਦਿੱਤੀ ਵੱਡੀ ਕੁਰਬਾਨੀ, ਜਾਨ ਬਚਾਉਣ ਲਈ ਆਈ ਅੱਗੇ

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ/ਕੁਲਦੀਪ) : ਅਜੋਕੇ ਪਦਾਰਥਵਾਦੀ ਯੁੱਗ ਵਿਚ ਭਾਵੇਂ ਕਈ ਮਾਂ-ਬਾਪ ਲੜਕੀਆਂ ਨੂੰ ਆਪਣੇ 'ਤੇ ਬੋਝ ਸਮਝਦੇ ਹਨ ਅਤੇ ਧੀਆਂ ਨੂੰ ਪੁੱਤਾਂ ਵਰਗਾ ਪਿਆਰ ਨਹੀਂ ਦਿੰਦੇ ਪਰ ਕੁਝ ਧੀਆਂ ਅਜਿਹੀਆਂ ਵੀ ਹਨ ਜੋ ਆਪਣੇ ਬਾਬਲ ਦੀ ਜਾਨ ਬਣਾਉਣ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਮਾਂ-ਬਾਪ ਲਈ ਫਖਰ ਕਰਨ ਵਾਲੀ ਧੀ ਹੈ ਗਗਨਦੀਪ ਕੌਰ। ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕੋਲਾਪੁਰ ਦੀ ਇਹ ਬਹਾਦਰ ਤੇ ਹਿੰਮਤੀ ਲੜਕੀ ਨੇ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਹੇ ਆਪਣੇ ਪਿਤਾ ਬਲਜੀਤ ਸਿੰਘ ਲਈ ਵੱਡੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਹੈ।

ਗਗਨਦੀਪ ਕੌਰ (21) ਦੇ ਪਿਤਾ ਡਰਾਈਵਰ ਦਾ ਕੰਮ ਕਰਦੇ ਸਨ। ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ। ਬੀਤੇ ਕਈ ਮਹੀਨਿਆਂ ਤੋਂ ਉਹ ਮੌਤ ਨਾਲ ਜੰਗ ਲੜ ਰਿਹਾ ਹੈ। ਬਲਜੀਤ ਸਿੰਘ ਦੀ ਜਾਨ ਬਚਾਉਣ ਲਈ ਜਦੋਂ ਹੋਰ ਕੋਈ ਅੱਗੇ ਨਾ ਆਇਆ ਤਾਂ ਉਸ ਦੀ ਛੋਟੀ ਧੀ ਗਗਨਦੀਪ ਕੌਰ ਨੇ ਹਿੰਮਤ ਦਿਖਾਈ ਤੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦੇਣ ਲਈ ਤਿਆਰੀ ਕਰ ਲਈ।

ਦੋ ਭੈਣਾਂ ਅਤੇ ਇਕ ਭਰਾ ਦੀ ਇਸ ਭੈਣ ਨੇ ਆਪਣਾ ਭਵਿੱਖ ਆਪਣੇ ਪਿਤਾ ਲਈ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ। ਗਗਨਦੀਪ ਕੌਰ 25 ਜਨਵਰੀ ਦਿਨ ਸ਼ਨੀਵਾਰ ਨੂੰ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਆਪਣੀ ਕਿਡਨੀ ਪਿਤਾ ਨੂੰ ਦੇਵੇਗੀ। ਗਗਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਜੀ.ਐਮ.ਐਨ ਦਾ ਕੋਰਸ ਕਰਕੇ ਪਟਿਆਲਾ ਵਿਖੇ ਨਿੱਜੀ ਹਸਪਤਾਲ ਵਿਚ ਨੌਕਰੀ ਪ੍ਰਾਪਤ ਕੀਤੀ ਹੈ।

ਉਸ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਕਿਡਨੀ ਟਰਾਂਸਪਲਾਂਟ ਕਰਵਾਉੇਣ ਲਈ ਉਨ੍ਹਾਂ ਦਾ 6-7 ਲੱਖ ਰੁਪਏ ਖਰਚ ਆਉਣਾ ਹੈ। ਉਸ ਨੇ ਦੱਸਿਆ ਕਿ ਇੰਨਾ ਖਰਚ ਉਠਾਉਣਾ ਪਰਿਵਾਰ ਲਈ ਅਸੰਭਵ ਹੈ। ਉਸ ਨੇ ਸਮਾਜ ਸੇਵੀ ਲੋਕਾਂ ਨੂੰ ਗੁਹਾਰ ਲਾਈ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਉਣ।


author

Gurminder Singh

Content Editor

Related News