ਇਕ ਮਹੀਨਾ ਪਹਿਲਾਂ ਹੋਈ ਪੁੱਤ ਦੀ ਮੌਤ ਤੋਂ ਟੁੱਟੇ ਪਿਤਾ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

Tuesday, Apr 26, 2022 - 05:12 PM (IST)

ਇਕ ਮਹੀਨਾ ਪਹਿਲਾਂ ਹੋਈ ਪੁੱਤ ਦੀ ਮੌਤ ਤੋਂ ਟੁੱਟੇ ਪਿਤਾ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਨੀਲੋਵਾਲ ਦੇ ਕ੍ਰਿਸ਼ਨ ਸਿੰਘ ਦੇ ਪੁੱਤਰ (14) ਦੀ ਮੌਤ ਇਕ ਮਹੀਨੇ ਪਹਿਲਾਂ ਹੋਈ ਸੀ। ਪੁੱਤ ਦੀ ਮੌਤ ਕਾਰਨ ਟੁੱਟੇ ਕ੍ਰਿਸ਼ਨ ਸਿੰਘ ਨੇ ਅੱਜ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਇਸ ਸਬੰਧੀ ਚੌਂਕੀ ਰੇਲਵੇ ਪੁਲਸ ਵੱਲੋਂ ਮਾਮਲਾ ਦਰਜ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਜੋ ਕਿ ਉਸ ਦਾ ਰਿਸ਼ਤੇਦਾਰ ਹੈ, ਨੇ ਅੱਜ ਰੇਲਵੇ ਲਾਈਨਾਂ ਥੱਲੇ ਆ ਕੇ ਖੁਦਕੁਸ਼ੀ ਕਰ ਲਈ।

ਉਸ ਨੇ ਦੱਸਿਆ ਕਿ ਉਸ ਦਾ 14 ਸਾਲ ਦਾ ਬੇਟਾ ਪਹਿਲਾਂ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸੀ ਅਤੇ ਲਗਭਗ ਇਕ ਮਹੀਨਾ ਪਹਿਲਾਂ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਕ੍ਰਿਸ਼ਨ ਸਿੰਘ ਨੇ ਉਸ ਦੇ ਇਲਾਜ 'ਤੇ ਕਾਫ਼ੀ ਖ਼ਰਚ ਕੀਤਾ ਸੀ।

ਪੁੱਤਰ ਦੀ ਮੌਤ ਤੋਂ ਬਾਅਦ ਕ੍ਰਿਸ਼ਨ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਘਰਵਾਲੀ ਸਣੇ ਤਿੰਨ ਧੀਆਂ ਛੱਡ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕ੍ਰਿਸ਼ਨ ਸਿੰਘ ਦੇ ਪਰਿਵਾਰ ਦੀ ਹਾਲਤ ਕਾਫ਼ੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਵੇ।


author

Babita

Content Editor

Related News