ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ ਕਰਨ ਵਾਲਾ ਪਿਓ ਗ੍ਰਿਫ਼ਤਾਰ
Tuesday, Feb 18, 2025 - 02:33 PM (IST)

ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਬੀਤੇ ਦਿਨੀਂ ਪਿਓ ਵੱਲੋਂ ਘਰ ’ਚ ਹੀ ਆਪਣੇ ਇਕਲੌਤੇ ਪੁੱਤ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਮੈਡਮ ਹਿਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਘਰੇਲੂ ਝਗੜੇ ਕਾਰਨ ਆਪਣੇ ਬੇਟੇ ਅਰਸ਼ਦੀਪ ਸਿੰਘ ਨੂੰ 12 ਬੋਰ ਦੀ ਬੰਦੂਕ ਨਾਲ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨਾਲ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਥਾਣਾ ਸੰਗਤ ਦੀ ਪੁਲਸ ਵੱਲੋਂ ਮ੍ਰਿਤਕ ਅਰਸ਼ਦੀਪ ਸਿੰਘ ਦੀ ਪਤਨੀ ਹਰਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਵੱਲੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।