ਪਾਦਰੀ ਦੇ 6 ਕਰੋੜ ਗਾਇਬ ਹੋਣ ਦੇ ਮਾਮਲੇ ''ਚ ਦੋ ASI ਸਸਪੈਂਡ

04/15/2019 12:23:43 PM

ਪਟਿਆਲਾ/ਜਲੰਧਰ (ਬਲਜਿੰਦਰ)— ਜਲੰਧਰ ਦੇ ਪਾਦਰੀ ਐਂਥਨੀ ਦੇ ਘਰ ਰੇਡ ਦੌਰਾਨ ਬਰਾਮਦ ਕਰੋੜਾਂ ਰੁਪਏ ਦੇ ਮਾਮਲੇ 'ਚ ਸ਼ਾਮਲ ਪਟਿਆਲਾ ਪੁਲਸ ਦੇ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਸਿੰਘ ਨੂੰ ਐੈੱਸ. ਐੈੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੋਵਾਂ ਖਿਲਾਫ ਏਅਰਪੋਰਟਸ 'ਤੇ ਐੈੱਲ. ਓ. ਸੀ. (ਲੁੱਕ-ਆਊਟ ਸਰਕੂਲਰ) ਜਾਰੀ ਕਰ ਦਿੱਤਾ ਹੈ।
ਐੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਅਤੇ ਮੋਹਾਲੀ ਵਿਖੇ ਕੇਸ ਰਜਿਸਟਰਡ ਹੋਣ 'ਤੇ ਬਾਅਦ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਖੰਨਾ ਪੁਲਸ ਵੱਲੋਂ 31 ਮਾਰਚ ਨੂੰ ਦਾਅਵਾ ਕੀਤਾ ਗਿਆ ਸੀ ਕਿ ਸੜਕ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਐਂਥਨੀ ਨਾਂ ਦੇ ਪਾਦਰੀ ਕੋਲੋਂ 9 ਕਰੋੜ 66 ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ। ਅਗਲੇ ਦਿਨ ਪਾਦਰੀ ਐਥਨੀ ਨੇ ਦਾਅਵਾ ਕੀਤਾ ਸੀ ਕਿ ਪੁਲਸ ਨੇ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਖੰਨਾ ਪੁਲਸ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦੇ ਦੋਸ਼ਾਂ 'ਚ ਘਿਰ ਗਈ ਸੀ।

ਰੇਡ 'ਚ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਸਿੰਘ ਸ਼ਾਮਲ ਸਨ। ਪੁਲਸ ਨੇ ਰੇਡ ਦੀ ਆਮਦਨ ਕਰ ਵਿਭਾਗ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਆਈ. ਜੀ. ਪ੍ਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਜਾ ਰਹੀ ਹੈ। ਇਸ 'ਚ ਮੁੱਢਲੀ ਜਾਂਚ ਤੋਂ ਬਾਅਦ ਕੇਸ ਦਰਜ ਹੋ ਚੁੱਕਾ ਹੈ। ਜਿੱਥੋਂ ਤੱਕ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਸਿੰਘ ਦਾ ਸਵਾਲ ਹੈ, ਦੋਵਾਂ ਦੀ ਡੀ. ਜੀ. ਪੀ. ਵੱਲੋਂ ਆਰਜ਼ੀ ਤਾਇਨਾਤੀ ਖੰਨਾ ਵਿਖੇ ਕੀਤੀ ਗਈ ਸੀ।
ਡੀ. ਜੀ. ਪੀ. ਦਫਤਰ ਦਾ ਦਾਅਵਾ ਹੈ ਕਿ ਇਹ ਹੁਕਮ ਜਾਰੀ ਨਹੀਂ ਹੋਏ ਸਨ। ਕਿਸੇ ਪੁਲਸ ਮੁਲਾਜ਼ਮ ਨੇ ਵਟਸਐਪ ਰਾਹੀਂ ਫੋਟੋ ਹਾਸਲ ਕੀਤੀ ਸੀ। ਉਸੇ ਆਧਾਰ 'ਤੇ ਹੀ ਦੋਵੇਂ ਰਵਾਨਗੀ ਰਿਪੋਰਟ ਪਵਾ ਕੇ ਚਲੇ ਗਏ। ਜਾਂਚ ਵਿਚ ਪਾਇਆ ਗਿਆ ਕਿ ਅਧਿਕਾਰਤ ਹੁਕਮ ਜਾਰੀ ਨਾ ਹੋਣ ਕਾਰਨ ਦੋਵੇਂ ਡਿਊੁਟੀ ਤੋਂ ਗੈਰ-ਹਾਜ਼ਰ ਚਲੇ ਆ ਰਹੇ ਹਨ। ਇਨ੍ਹਾਂ 'ਚੋਂ ਏ. ਐੈੱਸ. ਆਈ. ਜੋਗਿੰਦਰ ਸਿੰਘ ਮਵੀ ਕਲਾਂ ਪੁਲਸ ਚੌਕੀ ਅਤੇ ਰਾਜਪ੍ਰੀਤ ਥਾਣਾ ਸਨੌਰ ਵਿਖੇ ਤਾਇਨਾਤ ਸੀ।
ਡੱਬੀ
ਲੰਬੇ ਸਮੇਂ ਤੋਂ ਖੰਨਾ ਪੁਲਸ ਦੇ ਸਿੱਧੇ ਸੰਪਰਕ 'ਚ ਸਨ
ਹੁਣ ਤੱਕ ਹੋਈ ਜਾਂਚ 'ਚ ਸਾਹਮਣੇ ਆਇਆ ਕਿ ਏ. ਐੈੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੈੱਸ. ਆਈ. ਰਾਜਪ੍ਰੀਤ ਪਿਛਲੇ ਲੰਬੇ ਸਮੇਂ ਤੋਂ ਸਿੱਧੇ ਤੌਰ 'ਤੇ ਖੰਨਾ ਪੁਲਸ ਦੇ ਸੰਪਰਕ 'ਚ ਸਨ। ਇਹ ਕਈ ਸਵਾਲ ਖੜ੍ਹੇ ਕਰਦਾ ਹੈ। ਦੋਵੇਂ ਏ. ਐੈੱਸ. ਆਈ. ਸੀ. ਆਈ. ਏ. ਪਟਿਆਲਾ 'ਚ ਕਾਫੀ ਸਮਾਂ ਕੰਮ ਕਰ ਚੁੱਕੇ ਹਨ। ਪਟਿਆਲਾ ਪੁਲਸ ਵੱਲੋਂ ਹੁਣ ਇਨ੍ਹਾਂ ਦੋਵਾਂ ਦੇ ਪੁਰਾਣੇ ਕੇਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News