ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਿਉ-ਪੁੱਤ ਨਾਮਜ਼ਦ
Wednesday, Aug 22, 2018 - 01:00 AM (IST)

ਰਾਜਪੁਰਾ, (ਚਾਵਲਾ, ਨਿਰਦੋਸ਼, ਮਸਤਾਨਾ)- ਪਿੰਡ ਸਰਾਏ ਬਨਜਾਰਾ ਦੀ ਇਕ ਮਹਿਲਾ ਨੇ ਪਤੀ ਤੇ ਪੁੱਤਰ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਦਰ ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਪਿਉ-ਪੁੱਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤਰਲੋਚਨ ਸਿੰਘ ਵਾਸੀ ਪਿੰਡ ਲੰਡਾ ਜ਼ਿਲਾ ਅੰਬਾਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਪਿੰਡ ਸਰਾਏ ਬਨਜਾਰਾ ਵਾਸੀ ਮਨਜੀਤ ਸਿੰਘ ਨਾਲ ਹੋਇਆ ਸੀ। ਮਨਜੀਤ ਸਿੰਘ ਤੇ ਉਸ ਦਾ ਪੁੱਤਰ ਨਵਦੀਪ ਸਿੰਘ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਇਸ ਤੋਂ ਤੰਗ ਆ ਕੇ ਉਸ ਦੀ ਭੈਣ ਨੇ 25 ਜੁਲਾਈ ਨੂੰ ਭਾਖਡ਼ਾ ਨਹਿਰ ਵਿਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ 27 ਜੁਲਾਈ ਨੂੰ ਨਹਿਰ ’ਚੋਂ ਬਰਾਮਦ ਹੋ ਗਈ ਸੀ। ਪੁਲਸ ਨੇ ਜਾਂਚ-ਪਡ਼ਤਾਲ ਦੇ ਬਾਅਦ ਹੁਣ ਮ੍ਰਿਤਕਾ ਦੇ ਪਤੀ ਤੇ ਪੁੱਤਰ ਖਿਲਾਫ ਧਾਰਾ 306, 34 ਆਈ. ਪੀ. ਸੀ. ਹੇਠ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।