ਰੰਜਿਸ਼ ਤਹਿਤ ਕੀਤੀ ਪਿਓ-ਪੁੱਤ ਦੀ ਕੀਤੀ ਕੁੱਟਮਾਰ, ਕੇਸ ਦਰਜ
Friday, Feb 03, 2023 - 12:16 PM (IST)

ਸਾਹਨੇਵਾਲ (ਜ.ਬ.) : ਨਿੱਜੀ ਰੰਜਿਸ਼ ਕਾਰਨ ਇਕ ਮੈਡੀਕਲ ਸਟੋਰ ’ਤੇ ਪਹੁੰਚ ਕੇ ਕੁੱਝ ਨੌਜਵਾਨਾਂ ਵੱਲੋਂ ਪਿਓ-ਪੁੱਤ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਰਿਸ਼ੀ ਕਪੂਰ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੱਖੋਵਾਲ ਨੇ ਦੱਸਿਆ ਕਿ ਬੀਤੀ 13 ਜਨਵਰੀ ਨੂੰ ਪਿੰਡ ਦੇ ਹੀ ਜਸਨੂਰ ਸਿੰਘ ਉਰਫ਼ ਨੂਰਾ, ਤੇਜਾ ਅਤੇ ਗੋਸ਼ਾ ਪਿੰਡ ’ਚ ਹੀ ਸਥਿਤ ਹੈਰੀ ਮੈਡੀਕਲ ਸਟੋਰ ’ਤੇ ਪਹੁੰਚੇ।
ਜਿੱਥੇ ਰਿਸ਼ੀ ਦਾ ਚਚੇਰਾ ਭਰਾ ਲਵਜੋਤ ਸਿੰਘ ਕੰਮ ਕਰਦਾ ਹੈ। ਉਕਤ ਨੌਜਵਾਨ ਲਵਜੋਤ ਨੂੰ ਗਾਲੀ-ਗਲੋਚ ਕਰਨ ਲੱਗੇ, ਜਿਸ ਬਾਰੇ ਲਵਜੋਤ ਨੇ ਰਿਸ਼ੀ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਜਦੋਂ ਰਿਸ਼ੀ ਆਪਣੇ ਪਿਤਾ ਹਰਜਿੰਦਰ ਨਾਲ ਉੱਥੇ ਪਹੁੰਚੇ ਤਾਂ ਉਕਤ ਨੌਜਵਾਨਾਂ ਨੇ ਰੰਜਿਸ਼ ਤਹਿਤ ਦੋਵੇਂ ਪਿਓ-ਪੁੱਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਕੂੰਮਕਲਾਂ ਦੀ ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।