ਸ਼ਰਾਬ ਪੀਣ ਤੋਂ ਰੋਕਣ ''ਤੇ ਪਿਤਾ ਵੱਲੋਂ ਪੁੱਤਰ ਦਾ ਕਤਲ

Tuesday, Apr 17, 2018 - 07:00 AM (IST)

ਸ਼ਰਾਬ ਪੀਣ ਤੋਂ ਰੋਕਣ ''ਤੇ ਪਿਤਾ ਵੱਲੋਂ ਪੁੱਤਰ ਦਾ ਕਤਲ

ਬੋਹਾ, (ਪ.ਪ)- ਥਾਣਾ ਬੋਹਾ ਦੇ ਪਿੰਡ ਸੰਦਲੀ ਵਿਖੇ ਪਿਤਾ ਵੱਲੋਂ ਆਪਣੇ 18 ਸਾਲਾ ਪੁੱਤਰ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦਿਆਂ ਹੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬੋਹਾ ਪੁਲਸ ਜਾਂਚ 'ਚ ਜੁਟ ਗਈ ਹੈ।  ਘਟਨਾ ਸਥਾਨ 'ਤੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਕਾਬਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਸਵਰਨ ਸਿੰਘ ਉਰਫ ਛੰਨੂ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ ਹੈ, ਜਿਸ ਉਪਰੰਤ ਉਨ੍ਹਾਂ ਵੱਲੋਂ ਥਾਣਾ ਬੋਹਾ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਾਤਲ ਪਿਤਾ ਸ਼ਰਾਬ ਸਮੇਤ ਹੋਰ ਨਸ਼ਿਆਂ ਤੇ ਲੜਾਈ-ਝਗੜੇ ਦਾ ਆਦੀ ਹੈ, ਜੋ ਨਿੱਤ ਦਿਨ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ 'ਚ ਲੜਾਈ-ਝਗੜਾ ਕਰਦਾ ਰਹਿੰਦਾ ਹੈ। ਇਸ ਮੌਕੇ ਮੌਜੂਦ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਸਰਵਨ ਸਿੰਘ ਉਰਫ ਛੰਨੂ ਵੱਲੋਂ ਆਪਣੀ ਪਤਨੀ ਦਾ ਵੀ ਕਤਲ ਕਰ ਦਿੱਤਾ ਸੀ ਪਰ ਉਸ ਘਟਨਾ ਨੂੰ ਇਸ ਨੇ ਹੋਰ ਰੂਪ ਦੇ ਕੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਗੁੰਮਰਾਹ ਕੀਤਾ ਸੀ। 
ਇਸ ਸਬੰਧੀ ਥਾਣਾ ਬੋਹਾ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਅਮਤਾਬ ਸਿੰਘ ਪੁੱਤਰ ਸਰਵਨ ਸਿੰਘ ਉਰਫ ਛੰਨੂ ਵਾਸੀ ਸੰਦਲੀ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਮੁਤਾਬਕ ਉਸ ਦਾ ਪਿਤਾ ਸ਼ਰਾਬ ਦਾ ਆਦੀ ਹੈ ਤੇ ਨਿੱਤ ਦਿਨ ਲੜਾਈ-ਝਗੜਾ ਕਰਦਾ ਰਹਿੰਦਾ, ਜਿਸ ਨੂੰ ਸ਼ਰਾਬ ਪੀਣ ਤੋਂ ਪਰਿਵਾਰ ਰੋਕਦਾ ਸੀ। ਲੰਘੀ ਰਾਤ ਵੀ ਉਸ ਦੇ ਭਰਾ ਨੇ ਪਿਤਾ ਸਰਵਨ ਸਿੰਘ ਨੂੰ ਸ਼ਰਾਬ ਦੇ ਨਸ਼ੇ ਨੂੰ ਛੱਡਣ ਲਈ ਕਿਹਾ ਤਾਂ ਦੋਵਾਂ ਵਿਚਕਾਰ ਤੂੰ-ਤੂੰ ਮੈਂ-ਮਂੈ ਹੋ ਗਈ, ਜਿਸ ਤੋਂ ਗੁੱਸੇ 'ਚ ਆਏ ਪਿਤਾ ਸਰਵਨ ਸਿੰਘ ਨੇ ਉਸ ਦੇ ਭਰਾ ਗੁਰਵਿੰਦਰ ਸਿੰਘ ਉਰਫ ਦੁੱਲਾ ਦਾ ਉਸ ਸਮੇਂ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਦ ਉਹ ਆਪਣੇ ਮੰਜੇ 'ਤੇ ਸੁੱਤਾ ਪਿਆ ਸੀ, ਜਿਸ ਦਾ ਪਤਾ ਉਨ੍ਹਾਂ ਨੂੰ ਉਦੋਂ ਚੱਲਿਆ ਜਦ ਗੁਰਵਿੰਦਰ ਸਿੰਘ ਸਵੇਰੇ ਹੋਣ 'ਤੇ ਨਾ ਉੱਠਿਆ।  ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਉਪਰੰਤ ਫਰਾਰ ਹੋਏ ਕਾਤਲ ਪਿਤਾ ਸਰਵਨ ਸਿੰਘ ਉਰਫ ਛੰਨੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 


Related News