NRI ਨੇ ਕੀਤਾ ਪਿੰਡ ਦਾ ਕਾਇਆ-ਕਲਪ, ਦੁਲਵਾਂ ਪਿੰਡ ਦੀ ਬਦਲੀ ਤਸਵੀਰ (ਵੀਡੀਓ)
Monday, Mar 09, 2020 - 03:07 PM (IST)
ਫਤਿਹਗੜ੍ਹ ਸਾਹਿਬ (ਵਿਪਨ): ਕਹਿੰਦੇ ਹਨ ਕਿ ਤੁਸੀਂ ਪੰਜਾਬ 'ਚੋਂ ਪੰਜਾਬੀ ਨੂੰ ਤਾਂ ਕੱਢ ਸਕਦੇ ਹੋ, ਪਰ ਪੰਜਾਬੀ 'ਚੋਂ ਪੰਜਾਬ ਨਹੀਂ। ਇਕ ਅਜਿਹਾ ਹੀ ਪੰਜਾਬੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੇ ਦੁਲਵਾਂ ਪਿੰਡ ਦਾ ਐਨ. ਆਰ. ਆਈ, ਜਿਸ ਨੇ ਵਿਦੇਸ਼ ਰਹਿ ਕੇ ਵੀ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਤੇ ਇਸੇ ਪਿਆਰ ਦੇ ਸਦਕੇ ਉਨ੍ਹਾਂ ਬਦਲ ਦਿੱਤੀ ਆਪਣੇ ਪਿੰਡ ਦੀ ਨੁਹਾਰ। ਇੱਥੇ ਹੁੰਦਲ ਪਰਿਵਾਰ ਨੇ ਪਿੰਡ ਵਿਚ ਲੋਕਾਂ ਦੇ ਮੁੱਫਤ ਇਲਾਜ ਲਈ ਜਿੱਥੇ ਡਿਸਪੈਂਸਰੀ ਖੁੱਲ੍ਹਵਾਈ, ਉੱਥੇ ਪਿੰਡ ਦੇ ਸਰਕਾਰੀ ਸਕੂਲ ਦਾ ਨਕਸ਼ਾ ਵੀ ਬਦਲ ਕੇ ਰੱਖ ਦਿੱਤਾ। ਪਿੰਡ ਦੇ ਸਰਕਾਰੀ ਸਕੂਲ ਨੂੰ ਆਧੂਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਤਾਂ ਜੋ ਪਿੰਡ ਦੇ ਸਕੂਲ ਤੋਂ ਬਿਹਤਰ ਭਵਿੱਖ ਤਿਆਰ ਕੀਤਾ ਜਾ ਸਕੇ।
ਐੱਨ. ਆਰ. ਆਈ. ਪਰਿਵਾਰ ਦਾ ਇਹ ਜਜ਼ਬਾ ਦੇਖ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਖਾਸ ਤੌਰ 'ਤੇ ਪਿੰਡ ਪਹੁੰਚੇ ਅਤੇ ਹੁੰਦਲ ਪਰਿਵਾਰ ਵੱਲੋਂ ਕੀਤੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼ ਵਲੋਂ ਨਿਰਸੁਆਰਥ ਕੀਤੇ ਗਏ ਕਾਰਜ ਕਾਬਲੇ ਤਾਰੀਫ ਹਨ।
ਦੂਜੇ ਪਾਸੇ ਹੁੰਦਲ ਪਰਿਵਾਰ ਨੇ ਆਸ ਕੀਤੀ ਹੈ ਕਿ ਸਰਕਾਰਾਂ ਵੀ ਉਨ੍ਹਾਂ ਦੇ ਕੰਮ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਹ ਆਪਣੇ ਪਿੰਡ ਨੂੰ ਸਵਰਗ ਤੋਂ ਵੀ ਸੋਹਣਾ ਬਣਾ ਸਕਣ।