ਚੌਕੀ ਇੰਚਾਰਜ ''ਤੇ ਲਾਏ ਰਿਸ਼ਵਤ ਮੰਗਣ ਦੇ ਦੋਸ਼

07/12/2019 11:57:56 AM

ਫਤਿਆਬਾਦ (ਕੰਵਲ) : ਪਿੰਡ ਖੁਵਾਸਪੁਰ ਦੇ ਪੀੜਤ ਬਲਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਕ ਪੁਲਸ ਚੌਕੀ ਦੇ ਇੰਚਾਰਜ 'ਤੇ ਦੋਸ਼ ਲਾਏ ਕਿ ਪਿਛਲੇ ਦਿਨੀਂ ਪਿੰਡ ਦੇ ਕੁਝ ਮੁੰਡਿਆਂ ਨਾਲ ਮੇਰੇ ਭਤੀਜੇ ਦੀ ਮਾਮੂਲੀ ਲੜਾਈ ਹੋ ਗਈ ਸੀ। ਇਸ ਦੌਰਾਨ ਦੂਜੀ ਧਿਰ ਨੇ ਮੇਰੇ ਭਤੀਜੇ ਸਣੇ ਚਾਰ ਲੜਕਿਆਂ ਉਪਰ 323-324 ਦਾ ਮੁਕੱਦਮਾ ਦਰਜ ਕਰਵਾ ਦਿੱਤਾ ਤੇ ਦੱਸਿਆ ਕਿ ਸਾਨੂੰ ਚੌਕੀ ਇੰਚਾਰਜ ਇਹ ਕਹਿ ਕੇ ਡਰਾਉਂਦਾ ਸੀ ਕਿ ਤੁਹਾਡੇ ਲੜਕਿਆਂ ਉਪਰ ਹੋਏ ਪਰਚੇ ਦੀਆਂ ਧਾਰਾਵਾਂ 'ਚ ਵਾਧਾ ਕਰ ਕੇ ਜੇਲ ਭੇਜਾਂਗਾ, ਜਿਸ ਨਾਲ ਇਨ੍ਹਾਂ ਨੂੰ ਜ਼ਮਾਨਤ ਮਿਲਣੀ ਮੁਸ਼ਕਿਲ ਹੋਵੇਗੀ ਤੇ ਅਸੀਂ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਸੀ ਤੇ ਚੌਕੀ ਇੰਚਾਰਜ ਨੇ ਸਾਡੇ ਕੋਲੋਂ ਵੀਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਕਿ ਮੈਂ ਤੁਹਾਡੇ ਬੱਚਿਆਂ ਦੀ ਜ਼ਮਾਨਤ ਚੌਕੀ ਹੀ ਲੈ ਲਵਾਂਗਾ ਤੇ ਅਸੀਂ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ 12 ਹਜ਼ਾਰ ਰੁਪਏ ਚੌਕੀ ਇੰਚਾਰਜ ਨੂੰ ਦੇ ਦਿੱਤੇ ਤੇ ਇੰਚਾਰਜ ਨੇ ਸਾਰੇ ਲੜਕਿਆਂ ਦੇ ਦਸਤਖਤ ਕਰਵਾ ਲਏ। ਹੁਣ ਕੁਝ ਸਮਾਂ ਬੀਤ ਜਾਣ ਪਿੱਛੋਂ ਮੈਨੂੰ ਚੌਕੀ ਇੰਚਾਰਜ ਫੋਨ ਕਰ ਕੇ 5 ਹਜ਼ਾਰ ਹੋਰ ਮੰਗ ਰਿਹਾ ਹੈ ਤੇ ਪੈਸੇ ਨਾ ਦੇਣ ਦੀ ਸੂਰਤ 'ਚ ਜ਼ਮਾਨਤ ਕੈਂਸਲ ਕਰ ਕੇ ਹੋਰ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸਾਡੇ ਬੱਚਿਆਂ ਦੇ ਭਵਿੱਖ ਨੂੰ ਰਿਸ਼ਵਤਖੋਰ ਚੌਕੀ ਇੰਚਾਰਜ ਨੇ ਖਤਰੇ 'ਚ ਪਾਇਆ ਹੈ। ਸਾਡੇ ਬੱਚਿਆਂ 'ਤੇ ਨਾਜਾਇਜ਼ ਪਰਚਾ ਦਰਜ ਕਰ ਸਕਦਾ ਹੈ। ਇਸ ਮਾਮਲੇ ਦੀ ਜਾਂਚ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਚੌਕੀ ਇੰਚਾਰਜ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਇਸ ਸਬੰਧ ਵਿਚ ਜਦੋਂ ਉਕਤ ਚੌਕੀ ਇੰਚਾਰਜ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਫੋਨ ਕੀਤਾ ਤਾਂ ਚੌਕੀ ਇੰਚਾਰਜ ਨੇ ਕਿਹਾ ਕਿ ਮੈਂ ਫੋਨ 'ਤੇ ਕੋਈ ਗੱਲ ਨਹੀਂ ਕਰ ਸਕਦਾ ਮੇਰੇ ਨਾਲ ਚੌਕੀ ਆ ਕੇ ਗੱਲ ਕਰੋ ਅਤੇ ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਮੇਰੇ ਧਿਆਨ 'ਚ ਨਹੀਂ ਹੈ। ਅਸੀਂ ਇਸ ਦੀ ਜਾਂਚ ਕਰਾਂਗੇ, ਜੇਕਰ ਚੌਕੀ ਇੰਚਾਰਜ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News