ਫਾਸਟ ਫੂਡ ਵੇਚਣ ਵਾਲੇ ਕਰ ਰਹੇ ਲੋਕਾਂ ਦੀ ਸਿਹਤ ਨਾਲ ਖਿਲਵਾੜ, ਗੂੜ੍ਹੀ ਨੀਂਦ ਸੁੱਤਾ ਵਿਭਾਗ

04/11/2018 1:11:38 PM

ਨਡਾਲਾ (ਜ. ਬ.)— ਕਸਬਾ ਨਡਾਲਾ ਅਤੇ ਆਸ-ਪਾਸ ਖੇਤਰ ਦੇ ਪਿੰਡਾਂ 'ਚ ਫਾਸਟ ਫੂਡ ਦੀਆਂ ਰੇਹੜੀਆਂ ਵਾਲੇ ਸਫਾਈ ਨਾ ਰੱਖ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅੱਡਾ ਨਡਾਲਾ ਦੀਆਂ ਸਾਰੀਆਂ ਸੜਕਾਂ 'ਤੇ ਸ਼ਾਮ ਦੇ ਸਮੇਂ ਫਾਸਟ ਫੂਡ, ਚਾਟ, ਗੋਲ-ਗੱਪੇ ਅਤੇ ਅੰਡਿਆਂ ਆਦਿ ਵਾਲੀਆਂ ਰੇਹੜੀਆਂ ਦੀ ਭਰਮਾਰ ਹੁੰਦੀ ਹੈ। ਸ਼ਾਮ ਪੈਂਦੇ ਹੀ ਬਹੁਤ ਸਾਰੇ ਰੇਹੜੀਆਂ ਵਾਲੇ ਪਿੰਡਾਂ 'ਚ ਸਾਮਾਨ ਵੇਚ ਕੇ ਅੱਡਾ ਨਡਾਲਾ ਵਿਖੇ ਆ ਕੇ ਡੇਰਾ ਜਮਾਉਂਦੇ ਹਨ। ਇਹ ਰੇਹੜੀਆਂ ਵਾਲੇ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਪਰੋਸਣ ਵੇਲੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੰਦੇ। ਬਰਗਰ ਅਤੇ ਟਿੱਕੀ ਬਣਾਉਣ ਲਈ ਸਸਤਾ ਅਤੇ ਘਟੀਆ ਰਿਫਾਈਂਡ ਵਰਤਿਆ ਜਾ ਰਿਹਾ ਹੈ। ਗੰਦੇ ਪਾਣੀ ਨਾਲ ਜੂਠੇ ਬਰਤਨ ਧੋਤੇ ਜਾਂਦੇ ਹਨ। ਖਾਣ-ਪੀਣ ਤੋਂ ਬਾਅਦ ਕਚਰਾ ਰੇਹੜੀਆਂ ਦੇ ਆਲੇ-ਦੁਆਲੇ ਜਾਂ ਥੱਲੇ ਸੁੱਟਿਆ ਜਾਂਦਾ ਹੈ। ਇਸ ਸੁੱਟੀ ਹੋਈ ਗੰਦਗੀ 'ਤੇ ਭਿਣਕਦੀਆਂ ਮੱਖੀਆਂ ਬੀਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਗੋਲ-ਗੱਪਿਆਂ ਵਾਲੇ ਬਿਨਾਂ ਹੱਥ ਕਵਰ ਕੀਤੇ ਲੋਕਾਂ ਨੂੰ ਗੋਲ-ਗੱਪੇ ਪਰੋਸ ਰਹੇ ਹਨ। ਇੰਨੀ ਮਾੜੀ ਹਾਲਤ ਦੇ ਬਾਵਜੂਦ ਸਿਹਤ ਵਿਭਾਗ ਗੂੜ੍ਹੀ ਨੀਂਦ ਸੁੱਤਾ ਪਿਆ ਹੈ, ਕਦੇ ਰੂਟੀਨ ਚੈਕਿੰਗ ਜਾਂ ਕੋਈ ਚਲਾਨ ਨਹੀਂ ਕੱਟਿਆ ਜਾ ਰਿਹਾ।
ਇਸ ਸਬੰਧੀ ਐਂਟੀ ਕੁਰੱਪਸ਼ਨ ਹੈਲਪ ਲਾਈਨ ਦੇ ਜ਼ੋਨ ਚੇਅਰਮੈਨ ਬਲਵਿੰਦਰ ਸਿੰਘ ਬਿੱਟੂ, ਹਰਜਿੰਦਰ ਸ਼ਾਹੀ, ਸਤਪਾਲ ਸਿੱਧੂ ਨੇ ਆਖਿਆ ਕਿ ਹੁਣ ਜਦੋਂ ਗਰਮੀਆਂ ਦਾ ਮੌਸਮ ਆ ਰਿਹਾ ਹੈ, ਇਸ ਤਰ੍ਹਾਂ ਬੀਮਾਰੀਆਂ ਫੈਲਣ ਦਾ ਖਤਰਾ ਹੋਰ ਵੱਧ ਜਾਵੇਗਾ। ਉਨ੍ਹਾਂ ਨੇ ਡੀ. ਸੀ. ਕਪੂਰਥਲਾ ਅਤੇ ਸਿਹਤ ਵਿਭਾਗ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਸਿਹਤ ਸੁਪਰਵਾਈਜ਼ਰ ਡਾ. ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਖਿਲਾਫ ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ।


Related News