ਬਿਜਲੀ ਦੀ ਨਿਰਵਿਘਨ ਸਪਲਾਈ ਲਈ ਕਿਸਾਨ ਪਾਵਰਕਾਮ ਦਫ਼ਤਰਾਂ ਅੱਗੇ ਲਾਉਣਗੇ ਧਰਨੇ
Sunday, May 17, 2020 - 10:32 PM (IST)
ਚੰਡੀਗੜ੍ਹ,(ਰਮਨਜੀਤ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਬੀਤੇ ਦਿਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਮੌਜੂਦਾ ਹਾਲਾਤ ਦੌਰਾਨ ਉੱਭਰੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਝੋਨੇ ਦੀ ਸਮੇਂ ਸਿਰ ਬਿਜਾਈ ਅਤੇ ਮਜ਼ਬੂਰੀਵੱਸ ਕਣਕ ਦਾ ਨਾੜ ਸਾੜ ਰਹੇ ਕਿਸਾਨਾਂ ਵਿਰੁੱਧ ਦਰਜ ਕੀਤੇ ਪੁਲਸ ਕੇਸ ਰੱਦ ਕਰਨ ਸਬੰਧੀ ਮੰਗਾਂ ਨੂੰ ਲੈ ਕੇ ਜਨਤਕ ਸੰਘਰਸ਼ ਦਾ ਫੈਸਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਖੇਤੀ ਲਈ ਇਕ ਜੂਨ ਤੋਂ ਰੋਜ਼ਾਨਾ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ 22 ਤੋਂ 24 ਮਈ ਦੌਰਾਨ ਪਾਵਰਕਾਮ ਸਬ-ਡਵੀਜ਼ਨ ਤੇ ਡਵੀਜ਼ਨ ਦਫ਼ਤਰਾਂ ਅੱਗੇ ਇਕ ਰੋਜ਼ਾ ਧਰਨੇ 11 ਤੋਂ 4 ਵਜੇ ਤੱਕ ਮਾਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਲਾਕਡਾਊਨ ਕਾਰਣ ਪ੍ਰਵਾਸੀ ਮਜ਼ਦੂਰਾਂ ਦੀ ਗੈਰਹਾਜ਼ਰੀ ਕਾਰਣ ਸਥਾਨਕ ਸੀਮਤ ਮਜ਼ਦੂਰ ਸ਼ਕਤੀ ਵਲੋਂ ਝੋਨੇ ਦੀ ਬਿਜਾਈ ਦਾ ਸੀਜ਼ਨ ਮਹੀਨਾ, ਡੇਢ ਮਹੀਨਾ ਲੰਬਾ ਹੋਣਾ ਤੈਅ ਹੈ। ਸਰਕਾਰੀ ਐਲਾਨ ਮੁਤਾਬਕ ਖੇਤੀ ਲਈ 10 ਜੂਨ ਤੋਂ 8 ਘੰਟੇ ਰੋਜ਼ਾਨਾ ਬਿਜਲੀ ਦੇਣ ਨਾਲ ਝੋਨੇ ਦੀ ਬਿਜਾਈ ਜੁਲਾਈ ਦੇ ਅੰਤ ਤੱਕ ਲਟਕ ਸਕਦੀ ਹੈ।