ਪਿੰਡ ਭਮਾਂ ਕਲਾਂ ਦੇ ਕਿਸਾਨਾਂ ਦੀ 'ਆਪ' ਸਰਕਾਰ ਨੂੰ ਚਿਤਾਵਨੀ, 'ਮਰ ਜਾਵਾਂਗੇ ਪਰ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ'

Tuesday, May 17, 2022 - 03:19 PM (IST)

ਪਿੰਡ ਭਮਾਂ ਕਲਾਂ ਦੇ ਕਿਸਾਨਾਂ ਦੀ 'ਆਪ' ਸਰਕਾਰ ਨੂੰ ਚਿਤਾਵਨੀ, 'ਮਰ ਜਾਵਾਂਗੇ ਪਰ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ'

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਮਾਂ ਕਲਾਂ ਵਿਖੇ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਭਲਕੇ ਇਸ ਪਿੰਡ ਵਿਚ ਵੀ ਜ਼ਮੀਨ ਛੁਡਾਉਣ ਦੀ ਕਾਰਵਾਈ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਅੱਜ ਇਕੱਤਰ ਹੋਏ ਕਿਸਾਨਾਂ ਨੇ ਸਿੱਧੇ ਤੌਰ ’ਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮਰ ਜਾਣਗੇ ਪਰ ਉਨ੍ਹਾਂ ਦੇ ਪੁਰਖ਼ਿਆਂ ਵੱਲੋਂ ਮਿਹਨਤ ਨਾਲ ਆਬਾਦ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਣਗੇ। ਅੱਜ ਭਮਾ ਕਲਾਂ ਵਿਖੇ ਭਾਰੀ ਗਿਣਤੀ ’ਚ ਇਕੱਤਰ ਹੋਏ ਕਿਸਾਨ ਨਾਮਧਾਰੀ ਬੱਗਾ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਬਿੱਟੂ ਸਿੰਘ, ਜਗਰੂਪ ਸਿੰਘ ਖਾਲਸਾ ਅਤੇ ਕਾਲਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਮਾ ਕਲਾਂ ਦੀ ਸ਼ਾਮਲਾਤ ਜ਼ਮੀਨ ਵਿਚ ਉਨ੍ਹਾਂ ਦੇ ਪੁਰਖਿਆਂ ਨੇ ਆ ਕੇ ਬੜੀ ਮਿਹਨਤ ਨਾਲ ਬੰਜ਼ਰ ਪਈ ਜਮੀਨ ਨੂੰ ਆਬਾਦ ਕੀਤਾ ਅਤੇ ਪਿਛਲੇ 60 ਸਾਲਾਂ ਤੋਂ ਅਸੀਂ ਗਰੀਬ ਕਿਸਾਨ ਖੇਤੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰਾਂ ਵੱਲੋਂ ਹਮੇਸ਼ਾ ਵਾਅਦਾ ਕੀਤਾ ਗਿਆ ਕਿ ਬਹੁਤ ਹੀ ਘੱਟ ਮੁੱਲ ’ਤੇ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ ਪਰ ਬੇਸ਼ੱਕ ਇਹ ਵਾਅਦਾ ਪੂਰਾ ਨਹੀਂ ਹੋਇਆ ਪਰ ਉਨ੍ਹਾਂ ਨੂੰ ਕਦੇ ਕਿਸੇ ਵੀ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਤੋਂ ਉਜਾੜਨ ਦੀ ਕੋਸ਼ਿਸ਼ ਨਹੀਂ ਕੀਤੀ। ਗਰੀਬ ਕਿਸਾਨਾਂ ਨੇ ਕਿਹਾ ਕਿ ਪਿੰਡ ਭਮਾਂ ਕਲਾਂ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਵਿਧਾਇਕ ਨੂੰ ਜਿਤਾਇਆ ਪਰ ਅੱਜ ਨਾ ਤਾਂ ਹਲਕਾ ਸਾਹਨੇਵਾਲ ਦਾ ਵਿਧਾਇਕ ਤੇ ਨਾ ਹੀ ਸਰਕਾਰ ਉਨ੍ਹਾਂ ਦੀ ਸੁਣਵਾਈ ਕਰ ਰਹੀ ਹੈ। ਅੱਜ ਇਕੱਤਰ ਹੋਏ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰੀ ਅਧਿਕਾਰੀਆਂ ਨੇ ਇਸ ਜ਼ਮੀਨ ਦਾ ਕਬਜ਼ਾ ਲੈ ਕੇ ਉਨ੍ਹਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਨ੍ਹਾਂ ਖੇਤਾਂ ਵਿਚ ਹੀ ਖੜ੍ਹ ਕੇ ਖ਼ੁਦਕੁਸ਼ੀ ਕਰਕੇ ਮਰ ਜਾਣਗੇ, ਜਿਸ ਲਈ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਅਤੇ ਹਲਕਾ ਸਾਹਨੇਵਾਲ ਦਾ ਵਿਧਾਇਕ ਹੋਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਲਈ ਤਿਆਰ 'ਕਿਸਾਨ', ਪੁਲਸ ਨੇ ਬੈਰੀਅਰ ਸਣੇ ਸੀਲ ਕੀਤੀਆਂ ਸੜਕਾਂ

ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਵੀ ਆਪਣੀ ਸਰਕਾਰ ਖ਼ਿਲਾਫ਼ ਡਟਿਆ

ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜੋ ਨਾਜਾਇਜ਼ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉਸ ਵਿਚ ਪਹਿਲਾਂ ਸਿਆਸੀ ਸਰਮਾਏਦਾਰ ਜਿਨ੍ਹਾਂ ਨੇ ਬੇਸ਼ਕੀਮਤੀ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੱਬੀਆਂ ਹਨ, ਉਨ੍ਹਾਂ ਤੋਂ ਕਬਜ਼ਾ ਛੁਡਵਾ ਕੇ ਸੂਬੇ ਦਾ ਖ਼ਜਾਨਾ ਭਰੇ। ‘ਆਪ’ ਆਗੂ ਨੇ ਕਿਹਾ ਕਿ ਭਮਾਂ ਕਲਾਂ ਦੇ ਗਰੀਬ ਕਿਸਾਨ ਤਾਂ ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਦੇ ਇੱਥੇ ਖੇਤੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ ਅਤੇ ਜੇਕਰ ਇਨ੍ਹਾਂ ਨੂੰ ਉਜਾੜਿਆ ਗਿਆ ਤਾਂ ਉਹ ਆਪਣੀ ਸਰਕਾਰ ਖ਼ਿਲਾਫ਼ ਹੀ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਦੇ ਘਰ ਅੱਗੇ ਧਰਨਾ ਲਗਾਉਣਗੇ।

ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ, ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ 22 ਸਾਲਾਂ ਦਾ ਮੁੰਡਾ (ਤਸਵੀਰਾਂ)

ਪਿੰਡ ਭਮਾਂ ਕਲਾਂ ਵਿਚ ਮਾਹੌਲ ਤਣਾਅਪੂਰਣ

ਪਿੰਡ ਭਮਾਂ ਕਲਾਂ ਦੀ ਪੰਚਾਇਤੀ ਜ਼ਮੀਨ ’ਤੇ ਕਰੀਬ 200 ਪਰਿਵਾਰ 200 ਏਕੜ ਤੋਂ ਵੱਧ ਸ਼ਾਮਲਾਤ ਜ਼ਮੀਨ ’ਤੇ ਖੇਤੀ ਕਰ ਰਹੇ ਹਨ ਅਤੇ ਭਲਕੇ ਸਰਕਾਰੀ ਅਧਿਕਾਰੀਆਂ ਵੱਲੋਂ ਪਿੰਡ ਵਿਚ ਆ ਕੇ ਕਬਜ਼ਾ ਛੁਡਾਉਣ ਦੀ ਮੁਹਿੰਮ ਆਰੰਭੀ ਜਾ ਸਕਦੀ ਹੈ, ਜਿਸ ਕਾਰਨ ਪਿੰਡ ਵਿਚ ਮਾਹੌਲ ਤਣਾਅਪੂਰਣ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਨਾਜਾਇਜ਼ ਕਬਜ਼ਾ ਛੁਡਾਉਣ ’ਤੇ ਖ਼ੁਦਕੁਸ਼ੀ ਦੀ ਚਿਤਾਵਨੀ ਤੋਂ ਬਾਅਦ ਵੀ ਜੇਕਰ ਪਿੰਡ ਵਿਚ ਨਾਜਾਇਜ਼ ਕਬਜ਼ਾ ਛੁਡਾਉਣ ਦੀ ਮੁਹਿੰਮ ਆਰੰਭੀ ਗਈ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਨੇ ਯੂਨੀਅਨਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਪਿੰਡ ਭਮਾਂ ਕਲਾਂ ਵਿਖੇ ਆ ਕੇ ਸਰਕਾਰ ਦੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕਰਨ। ਦੂਸਰੇ ਪਾਸੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਉਜਾੜਨ ਦੀ ਬਜਾਏ, ਜੋ ਜ਼ਮੀਨ ਦਾ ਵਾਜ਼ਿਬ ਰੇਟ ਹੈ, ਉੁਹ ਵਸੂਲ ਕੇ ਮਾਲਕੀ ਹੱਕ ਦਿੱਤੇ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News