ਪੰਜਾਬ ਸਰਕਾਰ ਨੇ ਖੁਸ਼ ਕੀਤੇ 'ਕਿਸਾਨ', ਦਿੱਤੀ ਵੱਡੀ ਰਾਹਤ
Friday, Jul 19, 2019 - 11:52 AM (IST)

ਲੁਧਿਆਣਾ (ਸਲੂਜਾ) : ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਸੰਦਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਿਮ ਤਰੀਕ 'ਚ ਵਧਾ ਕਰ ਕੇ ਵੱਡੀ ਰਾਹਤ ਪ੍ਰਧਾਨ ਕੀਤੀ ਹੈ ਤਾਂ ਜੋ ਜ਼ਿਲੇ ਦੇ ਵੱਧ ਤੋਂ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀਂ ਤਕਨੀਕ ਨਾਲ ਜੁੜ ਸਕਣ। ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਬਲਦੇਵ ਸਿੰਘ ਨੇ ਦੱਸਿਆ ਕਿ ਹੁਣ ਕਿਸਾਨ 31 ਜੁਲਾਈ, 2019 ਤੱਕ ਖੇਤੀ ਸੰਦਾਂ 'ਤੇ ਮਿਲ ਰਹੀ ਸਬਸਿਡੀ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੈਪੀ ਸੀਡਰ, ਮਲਚਰ, ਪਲਾਓ, ਹਾਈਡ੍ਰੋਲਿਕ, ਜ਼ੀਰੋ ਡਰਿੱਲ, ਰੋਟਾਵੇਟਰ, ਪੈਡੀ ਸਟਰਾਅ ਅਤੇ ਚੋਪਰ 'ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ। ਇਹ ਸੰਦ ਜੇਕਰ ਕਿਸੇ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵਲੋਂ ਲਏ ਜਾਂਦੇ ਹਨ ਤਾਂ ਉਨ੍ਹਾਂ ਨੂੰ 80 ਫੀਸਦੀ ਸਬਸਿਡੀ ਮੁੱਹਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸਬਸਿਡੀ ਦੇ ਫਾਰਮ ਭਰਨ ਲਈ ਜਮ੍ਹਾਂਬੰਦੀ, ਟਰੈਕਟਰ ਦੀ ਕਾਪੀ, ਆਧਾਰ ਕਾਰਡ ਤੋਂ ਇਲਾਵਾ ਤਿੰਨ ਫੋਟੋ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਫਾਰਮ ਭਰਨ 'ਚ ਕੋਈ ਦਿੱਕਤ ਨਾ ਆਵੇ।
ਉਨਾਂ ਕਿਹਾ ਕਿ ਕਾਸਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕੋਲੋਂ ਭਾਰਤ ਸਰਕਾਰ ਵਲੋਂ ਤਿਆਰ ਕੀਤੇ ਪੋਰਟਲ 'ਤੇ ਰਜਿਸਟਰ ਕਰਨ 'ਚ ਮਦਦ ਲੈ ਸਕੇਦ ਹਨ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਮਿਲ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।