ਮੰਡੀਆਂ ’ਚ ਬੈਠੇ ਕਿਸਾਨ ਕੋਰੋਨਾ ਦੀ ਲਪੇਟ ’ਚ ਆਏ ਤਾਂ ਜ਼ਿੰਮੇਵਾਰ ਸਰਕਾਰ ਹੋਵੇਗੀ : ਕਿਸਾਨ ਯੂਨੀਅਨ
Monday, May 04, 2020 - 09:44 PM (IST)
ਚੰਡੀਗੜ੍ਹ, (ਰਮਨਜੀਤ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਈ ਸੂਬਾ ਪੱਧਰੀ ਮੀਟਿੰਗ ’ਚ ਇਸ ਵਾਰ ਜੋ ਕਣਕ ਦੀ ਸਰਕਾਰੀ ਖਰੀਦ ’ਚ ਕਿਸਾਨਾਂ ਦੀ ਖੱਜਲ-ਖੁਆਰੀ ਹੋਈ ਹੈ, ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਮੀਟਿੰਗ ’ਚ ਹਰਦੇਵ ਸਿੰਘ ਸੰਧੂ ਸਰਪ੍ਰਸਤ, ਦਾਤਾਰ ਸਿੰਘ ਪ੍ਰਧਾਨ, ਰਛਪਾਲ ਸਿੰਘ ਜਨਰਲ ਸਕੱਤਰ, ਨਿਰਮਲਜੀਤ ਘਾਲੀ ਵਿੱਤ ਸਕੱਤਰ, ਧਨਵੰਤ ਸਿੰਘ ਅੰਮ੍ਰਿਤਸਰ, ਬਲਵੰਤ ਸਿੰਘ ਬਾਜਵਾ ਕਪੂਰਥਲਾ, ਸੁਰਿੰਦਰ ਸਿੰਘ ਗੁਰਦਾਸਪੁਰ ਤੇ ਪੁਰਸ਼ੋਤਮ ਸਿੰਘ ਗਹਿਰੀ ਤਰਨਤਾਰਨ ਸ਼ਾਮਲ ਹੋਏ। ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸਲ ’ਚ ਸਰਕਾਰ ਸਰਕਾਰੀ ਖਰੀਦ ਤੋਂ ਭੱਜਣ ਦੀ ਕੋਸ਼ਿਸ਼ ’ਚ ਸੀ, ਜੋ ਕਿਸਾਨ ਜਥੇਬੰਦੀ ਦੇ ਵਿਰੋਧ ਕਾਰਨ ਸੰਭਵ ਨਹੀਂ ਸੀ ਹੋ ਰਿਹਾ। ਇਹ ਪਹਿਲੀ ਵਾਰ ਹੈ ਜਦੋਂ ਚੱਲਦੀ ਖਰੀਦ ’ਚ ਬੇਮੌਸਮੀ ਮੀਂਹ ਕਾਰਨ ਹੋਏ ਖਰਾਬ ਦਾਣਿਆਂ ਦੇ ਨਾਂ ਹੇਠ ਕੱਟ ਲਾਇਆ ਗਿਆ ਹੈ, ਬਾਰਦਾਨੇ ਦਾ ਪੂਰਾ ਪ੍ਰਬੰਧ ਨਹੀਂ ਕੀਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ’ਚੋਂ ਫੌਰੀ ਵਿਹਲਾ ਕੀਤਾ ਜਾਵੇ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਮੰਡੀਆਂ ’ਚ ਬੈਠੇ ਹੋਏ ਕਿਸਾਨ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਜਥੇਬੰਦੀ ਨੇ ਕਿਹਾ ਕਿ ਇਸ ਵਾਰ ਲੇਬਰ ਦੀ ਸਮੱਸਿਆ ਵੀ ਹੈ, ਝੋਨਾ ਲਾਉਣ ਲਈ ਸਮਾਂ ਵੱਧ ਲਗੇਗਾ, ਖੇਤ ਵੀ ਤਿਆਰ ਕਰਨੇ ਹਨ,ਇਸ ਲਈ ਨਿਰਵਿਘਨ ਬਿਜਲੀ ਸਪਲਾਈ ਹੁਣ ਤੋਂ ਹੀ ਕਿਸਾਨਾਂ ਨੂੰ ਦਿੱਤੀ ਜਾਵੇ, ਸਸਤੇ ਰੇਟਾਂ ’ਤੇ ਬੀਜ-ਖਾਦਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ, ਚੋਣ ਵਾਅਦੇ ਅਨੁਸਾਰ ਕਰਜ਼ਾ ਨਾ ਉਤਾਰ ਸਕਣ ਵਾਲੇ ਕਿਸਾਨਾਂ ਨੂੰ ਸ਼ਾਹੂਕਾਰਾਂ, ਸਹਿਕਾਰੀ ਬੈਂਕਾਂ ਦੇ ਕਰਜੇ ਤੋਂ ਮੁਕਤ ਕੀਤਾ ਜਾਵੇ ਅਤੇ ਅੱਗੇ ਤੋਂ ਕਰਜਾ ਨਾ ਚੜ੍ਹੇ, ਇਸ ਲਈ ਕਿਸਾਨ ਪੱਖੀ ਖੇਤੀ ਨੀਤੀ ਬਣਾਈ ਜਾਵੇ।