ਪ੍ਰਸ਼ਾਸਨ ਵੱਲੋਂ ਕਬਜ਼ੇ ’ਚ ਲਈ ਜ਼ਮੀਨ ’ਤੇ ਕਿਸਾਨਾਂ ਨੇ ਮੁੜ ਕੀਤਾ ਕਬਜ਼ਾ
Wednesday, Aug 28, 2024 - 11:14 PM (IST)
ਮਾਲੇਰਕੋਟਲਾ (ਸ਼ਹਾਬੂਦੀਨ, ਭੁਪੇਸ਼, ਜ਼ਹੂਰ)- ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਦਿੱਲੀ-ਕੱਟੜਾ ਨੈਸ਼ਨਲ ਐਕਸਪ੍ਰੈੱਸ ਵੇਅ ਅਧੀਨ ਆਉਂਦੀ ਮਾਲੇਰਕੋਟਲਾ ਦੇ ਸਰੌਦ ਪਿੰਡ ਦੀ ਜਿਹੜੀ ਜ਼ਮੀਨ ’ਤੇ 2 ਦਿਨ ਪਹਿਲਾਂ ਪ੍ਰਸ਼ਾਸਨ ਨੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕਬਜ਼ਾ ਕੀਤਾ ਸੀ, ਉਕਤ ’ਤੇ ਅੱਜ ਕਿਸਾਨਾਂ ਨੇ ਮੁੜ ਕਬਜ਼ਾ ਕਰ ਲਿਆ ਹੈ।
ਇਸ ਦੌਰਾਨ ਰਸਤੇ ’ਚ ਕਈ ਥਾਵਾਂ ’ਤੇ ਕਿਸਾਨਾਂ ਦੀ ਪੁਲਸ ਨਾਲ ਹਲਕੀ ਹੱਥੋਪਾਈ ਹੋਣ ਤੋਂ ਬਾਅਦ ਗਰੇਵਾਲ ਚੌਕ, ਜਰਗ ਚੌਕ ਵਿਖੇ ਪੁਲਸ ਦੀਆਂ ਸਾਰੀਆਂ ਰੋਕਾਂ ਤੋੜਦੇ ਹੋਏ ਪਿੰਡ ਰਾਣਵਾਂ ਪੁੱਜਣ ’ਤੇ ਜਦੋਂ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਕਿਸਾਨਾਂ ਦੀ ਪੁਲਸ ਨਾਲ ਇਕ ਵਾਰ ਫਿਰ ਹੱਥੋਪਾਈ ਹੋ ਗਈ। ਕਾਫੀ ਸਮਾਂ ਜ਼ਿਲਾ ਪੁਲਸ ਅਧਿਕਾਰੀਆਂ ਨਾਲ ਉਲਝਦੇ ਰਹਿਣ ਤੋਂ ਬਾਅਦ ਆਖਿਰਕਾਰ ਕਿਸਾਨ ਰਾਣਵਾਂ ਪਿੰਡ ਦਾ ਨਾਕਾ ਤੋੜਣ ’ਚ ਵੀ ਸਫਲ ਹੋ ਗਏ ਅਤੇ 26 ਮਹੀਨਿਆਂ ਤੋਂ ਪਿੰਡ ਰਾਣਵਾਂ-ਸਰੌਦ ਵਿਖੇ ਚੱਲ ਰਹੇ ਮੋਰਚੇ ਵਾਲੇ ਸਥਾਨ ’ਤੇ ਪਹੁੰਚ ਗਏ। ਕਿਸਾਨਾਂ ਨੇ 2 ਦਿਨ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਕਬਜ਼ੇ ’ਚ ਲਈ ਜ਼ਮੀਨ ਉਪਰ ਟਰੈਕਟਰ ਚਲਾ ਕੇ ਮੁੜ ਕਬਜ਼ਾ ਲੈਣ ਦਾ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਸਰੌਦ ਵਿਖੇ ਦਿਨ-ਰਾਤ ਦੇ ਪੱਕੇ ਮੋਰਚੇ ਗੱਡ ਕੇ ਧਰਨੇ ਲਾਈ ਬੈਠੇ ਕਿਸਾਨਾਂ ਨੇ ਆਪਣੀਆਂ ਉਕਤ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਅੱਜ ਪਿੰਡ ਸੰਗਾਲਾ ਦੇ ਅੱਡੇ ’ਚ ਇਕੱਠੇ ਹੋਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜ਼ਿਲਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾਈ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ, ਜਗਤਾਰ ਸਿੰਘ ਕਾਲਾਝਾੜ, ਦਰਬਾਰਾ ਸਿੰਘ ਛਾਜਲਾ ਜ਼ਿਲਾ ਜਨਰਲ ਸਕੱਤਰ ਸੰਗਰੂਰ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਅਤੇ ਜ਼ਿਲਾ ਜਨਰਲ ਸਕੱਤਰ ਮਲੇਰਕੋਟਲਾ ਕੇਵਲ ਸਿੰਘ ਭੜੀ ਆਦਿ ਦੀ ਅਗਵਾਈ ਹੇਠ ਪਿੰਡ ਸਰੌਦ ਵੱਲ ਨੂੰ ਰੋਸ ਮਾਰਚ ਸ਼ੁਰੂ ਕਰ ਦਿੱਤਾ, ਜਿਸ ’ਚ ਆਲੇ-ਦੁਆਲੇ ਦੇ ਜ਼ਿਲਿਆਂ ਤੋਂ ਆਏ ਕਿਸਾਨ ਵੀ ਸ਼ਾਮਲ ਸਨ। ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਪੰਜ ਥਾਵਾਂ ’ਤੇ ਟਿੱਪਰ, ਟਰੱਕ ਅਤੇ ਟੈਂਪੂ ਖੜ੍ਹੇ ਕਰ ਕੇ ਪੱਕੇ ਨਾਕੇ ਲਾਏ ਪਰ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਅੱਗੇ ਵੱਧਦੇ ਗਏ।
ਐੱਸ. ਐੱਸ. ਪੀ. ਮਲੇਰਕੋਟਲਾ ਗਗਨ ਅਜੀਤ ਸਿੰਘ ਖੁਦ ਕਿਸਾਨਾਂ ਨੂੰ ਰੋਕਣ ਲਈ ਇਨ੍ਹਾਂ ਨਾਕਿਆਂ ’ਤੇ ਕੋਸ਼ਿਸ਼ ਕਰਦੇ ਵੇਖੇ ਗਏ ਪਰ ਸਫਲ ਨਹੀਂ ਹੋਏ। ਗਊਸ਼ਾਲਾ ਸਾਹਮਣੇ ਪੁੱਜਣ ’ਤੇ ਪੁਲਸ ਨੇ ਕਿਸਾਨਾਂ ਦੇ ਕਾਫਲੇ ਨੂੰ ਰੋਕ ਲਿਆ। ਕਿਸਾਨਾਂ ਦੀ ਮੰਗ ’ਤੇ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ, ਐੱਸ.ਐੱਸ.ਪੀ. ਮਾਲੇਰਕੋਟਲਾ ਗਗਨ ਅਜੀਤ ਸਿੰਘ ਅਤੇ ਐੱਸ.ਡੀ.ਐੱਮ. ਮਾਲੇਰਕੋਟਲਾ ਅਪਰਨਾ ਐੱਮ. ਬੀ. ਨਾਲ ਕਿਸਾਨਾਂ ਦੀ ਮੀਟਿੰਗ ਕਰਵਾਈ ਗਈ ਪਰ ਕੋਈ ਸਿੱਟਾ ਨਾ ਨਿਕਲਣ ’ਤੇ ਕਿਸਾਨ ਅੱਗੇ ਵੱਧਣ ਲੱਗੇ।