ਕਿਸਾਨੀ ਘੋਲ ਨੂੰ ਮਿਲਿਆ ਸਫ਼ਾਈ ਕਾਮਿਆਂ ਦਾ ਸਾਥ, ਮੰਗ ਰਹੇ ਨੇ ਦੁਆਵਾਂ
Saturday, Dec 12, 2020 - 06:26 PM (IST)
ਜਲੰਧਰ/ ਦਿੱਲੀ (ਵੈੱਬ ਡੈਸਕ) : ਦਿੱਲੀ ਵਿੱਚ ਲੱਗੇ ਕਿਸਾਨੀ ਧਰਨੇ ਨੂੰ 17 ਦਿਨ ਹੋ ਚੁੱਕੇ ਹਨ। ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸੰਘਰਸ਼ 'ਤੋਂ ਘਬਰਾਈ ਕੇਂਦਰ ਸਰਕਾਰ ਨੇ 10 ਤਜਵੀਜ਼ਾਂ ਵੀ ਭੇਜੀਆਂ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਇਸ ਅੰਦੋਲਨ ਵਿੱਚ ਬੱਚੇ,ਨੌਜਵਾਨ,ਬਜ਼ੁਰਗ,ਬੀਬੀਆਂ,ਵਪਾਰੀ,ਮਜ਼ਦੂਰ,ਡਾਕਟਰ,ਮਕੈਨਿਕ ਆਦਿ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ। ਹੁਣ ਇਸ ਅੰਦੋਲਨ ਵਿੱਚ ਇੱਕ ਹੋਰ ਵਰਗ ਸ਼ਾਮਲ ਹੋ ਗਿਆ ਹੈ ਜੋ ਜੰਮ ਕੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ।ਇਹ ਵਰਗ ਸਫ਼ਾਈ ਕਾਮਿਆਂ ਦਾ ਹੈ ਜੋ ਕਿਸਾਨਾਂ ਦੇ ਅੰਦੋਲਨ ਵਿੱਚ ਉਨ੍ਹਾਂ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ।ਇਨ੍ਹਾਂ ਵਿੱਚ ਕੁੱਝ ਸਫ਼ਾਈ ਕਾਮੇ ਉਹ ਵੀ ਹਨ ਜੋ ਇਸ ਅੰਦੋਲਨ ਵਿੱਚੋਂ ਹੀ ਆਪਣਾ ਰੁਜ਼ਗਾਰ ਚਲਾ ਰਹੇ ਹਨ।ਬੇਸ਼ੱਕ ਕਿਸਾਨ ਆਪਣੇ ਆਲੇ -ਦੁਆਲੇ ਦੀ ਸਫ਼ਾਈ ਖ਼ੁਦ ਵੀ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਕਾਮਿਆਂ ਨੂੰ ਕੂੜਾ ਕਰਕਟ ਚੁੱਕਣ ਨਾਲ ਰੁਜ਼ਗਾਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਜੇਲ੍ਹਾਂ 'ਚ ਬੰਦ ਲੋਕਾਂ ਦੇ ਪੋਸਟਰ ਲਹਿਰਾਉਣ ਦਾ ਮੁੱਦਾ ਭਖਿਆ, ਖੇਤੀਬਾੜੀ ਮੰਤਰੀ ਨੇ ਜਤਾਇਆ ਇਤਰਾਜ਼
ਅਸਲ ਵਿੱਚ ਕੋਰੋਨਾ ਲਾਗ ਦੀ ਬਿਮਾਰੀ ਕਾਰਨ ਪੂਰਾ ਮੁਲਕ ਘਰਾਂ ਅੰਦਰ ਡੱਕਿਆ ਗਿਆ ਸੀ।ਇਸ ਕਾਰਨ ਸਫ਼ਾਈ ਕਾਮਿਆਂ ਨੂੰ ਆਪਣੀ ਰੋਜ਼ੀ ਰੋਟੀ ਚਲਾਉਣੀ ਔਖੀ ਹੋ ਗਈ ਸੀ।ਹੁਣ ਕਿਸਾਨੀ ਅੰਦੋਲਨ ਕਾਰਨ ਸਰਕਾਰਾਂ ਨੂੰ ਸਫ਼ਾਈ ਕਰਾਉਣ ਲਈ ਵੱਡੇ ਪੱਧਰ 'ਤੇ ਸਫ਼ਾਈ ਕਾਮਿਆਂ ਦੀ ਲੋੜ ਹੈ,ਜਿਸ ਕਾਰਨ ਇਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੈ। ਇੱਕ ਸਥਾਨਕ ਮਜ਼ਦੂਰ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦਿੱਲੀ ਵਿੱਚ ਪਿੱਛਲੇ 2 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਕੂੜਾ ਕਰਕਟ ਚੁੱਕਣ ਦਾ ਕੰਮ ਕਰਦਾ ਹੈ।ਇਸ ਅੰਦੋਲਨ ਵਿੱਚੋਂ ਕੂੜਾ ਇਕੱਠਾ ਕਰਕੇ ਆਪਣਾ ਰੁਜ਼ਗਾਰ ਚਲਾਉਂਦਾ ਹੈ।ਸਫ਼ਾਈ ਕਾਮੇ ਨੇ ਦੱਸਿਆ ਕਿ ਉਹ ਇਸ ਧਰਨੇ ਵਿੱਚੋਂ ਕੂੜਾ ਕਰਕਟ ਇਕੱਠਾ ਕਰਕੇ 300 ਤੋਂ 400 ਰੁਪਏ ਤੱਕ ਦਿਹਾੜੀ ਕਮਾ ਲੈਂਦਾ ਹੈ।ਕਾਮੇ ਨੇ ਕਿਹਾ ਕਿ ਇਹ ਕਿਸਾਨ ਬਹੁਤ ਚੰਗੇ ਹਨ। ਸਾਨੂੰ ਕੰਮ ਕਰਨ ਤੋਂ ਨਹੀਂ ਰੋਕਦੇ।ਇਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਅਸੀਂ ਇਨ੍ਹਾ ਕਿਸਾਨਾਂ ਨਾਲ ਹਾਂ।
ਇਹ ਵੀ ਪੜ੍ਹੋ: ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ 'ਤੇ ਬੋਲੇ ਰਿਕੇਸ਼ ਟਿਕੈਤ, ਕਿਹਾ- 'ਜੇਕਰ ਕੋਈ ਸ਼ੱਕੀ ਹੈ ਤਾਂ ਭੇਜੋ ਸਲਾਖਾਂ ਪਿੱਛੇ'
ਇੱਕ ਹੋਰ ਸਥਾਨਕ ਸਫ਼ਾਈ ਕਾਮੇ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ ਕਿ ਜਦੋਂ ਤੋਂ ਇਹ ਧਰਨਾ ਲੱਗਿਆ ਹੈ ਅਸੀਂ ਮਜ਼ਦੂਰ ਵੀ ਇਸ ਅੰਦੋਲਨ ਵਿੱਚ ਕਿਸਾਨਾਂ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਇਹ ਸਾਡੀ ਲੜਾਈ ਵੀ ਹੈ।ਅਸੀਂ ਜੇ 15 -16 ਦਿਨ ਧਰਨੇ 'ਤੇ ਬੈਠ ਸਕਦੇ ਹਾਂ ਤਾਂ ਇਹ ਸੰਘਰਸ਼ ਕਿੰਨਾ ਵੀ ਲੰਮਾ ਕਿਉਂ ਨਾ ਹੋਵੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ। ਅਸੀਂ ਉਦੋਂ ਤੱਕ ਧਰਨੇ 'ਤੇ ਬੈਠੇ ਰਹਾਂਗੇ ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ।ਜੇ ਅਸੀਂ ਸਰਕਾਰ ਨੂੰ ਬਣਾ ਸਕਦੇ ਹਾਂ ਤਾਂ ਸਰਕਾਰ ਸੁੱਟ ਵੀ ਸਕਦੇ ਹਾਂ। ਅਸੀਂ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਖੜ੍ਹੇ ਹਾਂ।
ਸਫ਼ਾਈ ਕਾਮਿਆਂ ਨੇ ਕਿਹਾ ਕਿ ਜਿਵੇਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਸਾਨੂੰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੁਚੇਤ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਕਿਸਾਨ ਆਪਣੀ ਖੇਤੀ ਨੂੰ, ਜਿਸ ਨੂੰ ਉਹ ਆਪਣੀ ਵਿਰਾਸਤ ਸਮਝਦੇ ਹਨ, ਉਸ ਨੂੰ ਬਚਾਉਣ ਲਈ ਲੜ੍ਹ ਰਹੇ ਹਨ।
ਨੋਟ: ਸਫ਼ਾਈ ਕਾਮਿਆਂ ਵਲੋਂ ਕਿਸਾਨ ਸੰਘਰਸ਼ ਨੂੰ ਮਿਲੇ ਸਮਰਥਨ ਬਾਰੇ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ