ਕਿਸਾਨ ਅੰਦੋਲਨ ਨੇ ਬਦਲੇ ਹਾਲਾਤ! ਅਕਾਲੀ-ਭਾਜਪਾ ਗੱਠਜੋੜ ਦੀਆਂ ਤਿਆਰੀਆਂ ਨੂੰ ਲੱਗੀ ਬਰੇਕ

Wednesday, Feb 14, 2024 - 05:09 AM (IST)

ਕਿਸਾਨ ਅੰਦੋਲਨ ਨੇ ਬਦਲੇ ਹਾਲਾਤ! ਅਕਾਲੀ-ਭਾਜਪਾ ਗੱਠਜੋੜ ਦੀਆਂ ਤਿਆਰੀਆਂ ਨੂੰ ਲੱਗੀ ਬਰੇਕ

ਚੰਡੀਗੜ੍ਹ (ਮਨਜੋਤ ਸਿੰਘ)- ਕਿਸਾਨ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗੱਠਜੋੜ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਬਰੇਕਾਂ ਲਾ ਦਿੱਤੀਆਂ ਹਨ। ਕਿਸਾਨਾਂ ਵਲੋਂ ਮੰਗਾਂ ਸਬੰਧੀ ਦਿੱਲੀ ਵੱਲ ਕੂਚ ਕਰਨ ਦੇ ਐਲਾਨ ਨਾਲ ਇਕ ਵਾਰ ਫਿਰ 2020 ਵਾਲੇ ਹਾਲਾਤ ਪੈਦਾ ਹੋ ਗਏ ਹਨ, ਜਿਨ੍ਹਾਂ ਕਰ ਕੇ ਦੋਵਾਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ ਸੀ।

ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਜੇਕਰ ਕਿਸਾਨ ਮੁੜ ਦਿੱਲੀ ਧਰਨੇ ’ਤੇ ਬੈਠ ਜਾਂਦੇ ਹਨ ਤਾਂ ਦੋਵਾਂ ਪਾਰਟੀਆਂ ਲਈ ਮੁੜ ਗੱਠਜੋੜ ਕਰਨਾ ਮੁਸ਼ਕਿਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਗੱਠਜੋੜ ਸਬੰਧੀ ਕੁਝ ਦਿਨਾਂ ਤੋਂ ਬੈਠਕਾਂ ਦਾ ਦੌਰ ਚੱਲ ਰਿਹਾ ਸੀ ਅਤੇ ਚਰਚਾ ਸੀ ਕਿ ਬਸੰਤ ਪੰਚਮੀ ਦੇ ਦਿਨ ਗੱਠਜੋੜ ਦਾ ਐਲਾਨ ਹੋ ਸਕਦਾ ਹੈ ਪਰ ਹੁਣ ਕਿਸਾਨ ਸੰਘਰਸ਼ ਦੁਬਾਰਾ ਉਭਰਨ ਨਾਲ ਸੂਬੇ ਵਿਚ ਸਿਆਸੀ ਸਮੀਕਰਨ ਬਦਲਣ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਫ਼ਿਰ ਦਾਗੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਅੱਧੀ ਰਾਤ ਨੂੰ ਵੀ ਕਾਰਵਾਈ ਜਾਰੀ, ਦੇਖੋ ਮੌਕੇ ਦੇ ਹਾਲਾਤ (ਵੀਡੀਓ)

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਇਸਦਾ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਸ਼ਹਿਰਾਂ ਨਾਲੋਂ ਪਿੰਡਾਂ ਵਿਚ ਵਧੇਰੇ ਸਮਝਿਆ ਜਾਂਦਾ ਹੈ, ਹਾਲਾਂਕਿ ਭਾਜਪਾ ਵਲੋਂ ਅਕਾਲੀ ਦਲ ਨਾਲੋਂ ਗੱਠਜੋੜ ਟੁੱਟ ਜਾਣ ਤੋਂ ਬਾਅਦ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਜ਼ੋਰ ਲਾਇਆ ਜਾ ਰਿਹਾ ਹੈ, ਜਦਕਿ ਹੁਣ ਕਿਸਾਨ ਸੰਘਰਸ਼ ਮੁੜ ਉਭਰਨ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਨਿਰਾਸ਼ਾ ਵਿਚ ਦੱਸੇ ਜਾ ਰਹੇ ਹਨ।

ਪੰਜਾਬ ਭਾਜਪਾ ਵਲੋਂ ਵੱਡੇ ਪੱਧਰ ’ਤੇ ਕਈ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ ਸੀ, ਤਾਂ ਜੋ ਵੱਧ ਤੋਂ ਵੱਧ ਪਿੰਡਾਂ ਵਿਚ ਪਾਰਟੀ ਦਾ ਅਾਧਾਰ ਮਜ਼ਬੂਤ ਕੀਤਾ ਜਾ ਸਕੇ। ਦੂਜੇ ਪਾਸੇ ਅਕਾਲੀ ਦਲ ਜੇਕਰ ਭਾਜਪਾ ਨਾਲ ਗੱਠਜੋੜ ਕਰ ਲੈਂਦਾ ਹੈ ਤਾਂ ਉਸ ਲਈ ਪੰਜਾਬ ਵਿਚ ਆਪਣੇ ਰਵਾਇਤੀ ਵੋਟ ਬੈਂਕ ਨੂੰ ਬਚਾਉਣਾ ਵੱਡੀ ਚੁਣੌਤੀ ਹੋਵੇਗਾ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 1996 ਵਿਚ ਗੱਠਜੋੜ ਦੇ ਭਾਈਵਾਲ ਬਣ ਗਏ ਸਨ ਪਰ ਖੇਤੀਬਾੜੀ ਕਾਨੂੰਨਾਂ ਦੇ ਵਿਵਾਦ ਕਾਰਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀਆਂ ਵਿਚੋਂ ਇਕ-2020 ਵਿਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ. ਡੀ. ਏ.) ਤੋਂ ਵੱਖ ਹੋ ਗਿਆ। ਫਿਰ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾਇਆ ਅਤੇ ਦੋਵਾਂ ਪਾਰਟੀਆਂ ਵਲੋਂ ਮਿਲ ਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ।

ਸੂਤਰਾਂ ਅਨੁਸਾਰ ਪੰਜਾਬ ਭਾਜਪਾ 13 ਵਿਚੋਂ ਘੱਟੋ-ਘੱਟ ਅੱਧੀ ਦਰਜਨ ਸੀਟਾਂ ਦੀ ਮੰਗ ਕਰ ਰਹੀ ਹੈ। 2019 ਦੀਆਂ ਚੋਣਾਂ ਵਿਚ ਭਾਈਵਾਲਾਂ ਵਜੋਂ ਭਾਜਪਾ ਨੇ ਤਿੰਨ ਸੀਟਾਂ ’ਤੇ ਚੋਣ ਲੜੀ ਸੀ, ਜਦੋਂਕਿ ਅਕਾਲੀ ਦਲ ਨੇ ਬਾਕੀ ਦੀਆਂ 10 ਸੀਟਾਂ ’ਤੇ ਚੋਣ ਲੜੀ ਸੀ। ਦੋਵਾਂ ਪਾਰਟੀਆਂ ਨੇ ਦੋ-ਦੋ ਸੀਟਾਂ ਜਿੱਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ - 'ਜੇ ਕਿਸਾਨ ਹਮਲਾਵਰ ਹੋਣ ਤਾਂ ਤੁਹਾਨੂੰ ਵੀ ਰੱਖਿਆਤਮਕ ਹੋਣ ਦੀ ਲੋੜ ਨਹੀਂ', ਦਿੱਲੀ ਪੁਲਸ ਨੂੰ ਸਖ਼ਤ ਹੁਕਮ ਜਾਰੀ

ਅਕਾਲੀ ਦਲ, ਜੋਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਇਕ ਚੁਣੌਤੀਪੂਰਨ ਦੌਰ ਵਿਚੋਂ ਲੰਘ ਰਿਹਾ ਹੈ, ਲੋਕ ਸਭਾ ਉਪ ਚੋਣਾਂ ਵਿਚ ਵੀ ਮਾੜੇ ਪ੍ਰਦਰਸ਼ਨ ਦੇ ਨਾਲ-ਨਾਲ ਰਾਜ ਦੀ ਰਾਜਨੀਤੀ ਵਿਚ ਆਪਣੀ ਥਾਂ ਮੁੜ ਹਾਸਲ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ। ਅਕਾਲੀ ਦਲ ਸਿੱਖ ਕੌਮ ਦੀ ਹਮਾਇਤ ਹਾਸਲ ਕਰਨ ਲਈ ‘ਪੰਥਕ’ (ਸਿੱਖ) ਮੁੱਦਿਆਂ ਅਤੇ ਏਜੰਡੇ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਜਿਸ ਦੀ ਪਾਰਟੀ ਇਕਲੌਤੀ ਪ੍ਰਤੀਨਿਧ ਹੋਣ ਦਾ ਦਾਅਵਾ ਕਰਦੀ ਹੈ।

ਗੱਠਜੋੜ ਬਾਰੇ ਨਹੀਂ ਕੀਤੀ ਜਾ ਰਹੀ ਗੱਲਬਾਤ: ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਦੇ ਵੀ ਭਾਜਪਾ ਨਾਲ ਗੱਠਜੋੜ ਬਾਰੇ ਦਾਅਵਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਪਾਰਟੀ ਵਲੋਂ ਗੱਠਜੋੜ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ।

ਆਪਣੇ ਦਮ 'ਤੇ ਚੋਣ ਲੜੇਗੀ ਭਾਜਪਾ: ਡਾ. ਸੁਭਾਸ਼ ਸ਼ਰਮਾ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਸੂਬੇ ਵਿਚ ਆਪਣੇ ਦਮ ’ਤੇ ਚੋਣ ਲੜੇਗੀ। ਭਾਜਪਾ 13 ਸੀਟਾਂ ’ਤੇ ਹੀ ਚੋਣ ਲੜਨ ਲਈ ਤਿਆਰੀ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News