ਕਿਸਾਨਾਂ ਨੇ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਕੀਤਾ ਘਰ ਅੰਦਰ ਬੰਦ, ਗੱਡੀ ਵੀ ਲਈ ਕਬਜ਼ੇ ''ਚ

Saturday, Nov 07, 2020 - 04:05 PM (IST)

ਕਿਸਾਨਾਂ ਨੇ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਕੀਤਾ ਘਰ ਅੰਦਰ ਬੰਦ, ਗੱਡੀ ਵੀ ਲਈ ਕਬਜ਼ੇ ''ਚ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)  : ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਘਰ ਦੇ ਅੰਦਰ ਬੰਦ ਕਰ ਦਿੱਤਾ ਗਿਆ। ਸਵੇਰੇ 10 ਵਜੇ ਦੇ ਕਰੀਬ ਉਹ ਭਾਜਪਾ ਆਗੂਆਂ ਦੀ ਇਕ ਬੈਠਕ ਲੈਣ ਲਈ ਬਰਨਾਲਾ ਪੁੱਜੇ ਸਨ। ਜਦੋਂਇਸਦੀ ਭਣਕ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ ਲੱਗ ਤਾਂ ਉਕਤ ਕਿਸਾਨਾਂ ਵਲੋਂ ਪਹਿਲਾਂ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੇ ਘਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਜਿਸ ਵੇਲੇ ਭਾਜਪਾ ਆਗੂ ਮਨੋਰੰਜਨ ਕਾਲੀਆ ਉਨ੍ਹਾਂ ਦੇ ਘਰ ਆਏ ਤਾਂ ਉਸ ਸਮੇਂ ਉਥੇ ਬਹੁਤ ਘੱਟ ਕਿਸਾਨ ਮੌਜੂਦ ਸਨ ਪਰ ਜਦੋਂ ਖ਼ਬਰ ਕਿਸਾਨਾਂ ਤੱਕ ਪੁੱਜੀ ਤਾਂ ਉਹ ਵੱਡੀ ਗਿਣਤੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਭਾਜਪਾ ਆਗੂ ਦੇ ਤਿੰਨੇ ਪਾਸਿਓਂ ਗੇਟ ਘੇਰ ਲਏ। ਉਨ੍ਹਾਂ ਨੇ ਮਨੋਰੰਜਨ ਕਾਲੀਆ ਦੀ ਗੱਡੀ ਦਾ ਵੀ ਘਿਰਾਓ ਕਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਭਾਰੀ ਪੁਲਸ ਫੋਰਸ ਲੈ ਕੇ ਮੌਕੇ 'ਤੇ ਪੁੱਜੇ। ਕਈ ਘੰਟਿਆਂ ਤੋਂ ਕਿਸਾਨਾਂ ਨੇ ਮਨੋਰੰਜਨ ਕਾਲੀਆ ਨੂੰ ਘਰ ਅੰਦਰ ਹੀ ਬੰਦ ਕੀਤਾ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਵੀ ਉਹ ਘਰ ਦੇ ਅੰਦਰ ਬੰਦ ਸਨ।

ਇਹ ਵੀ ਪੜ੍ਹੋ : ਡੇਰਾਬੱਸੀ ਨੇੜਲੇ ਪਿੰਡ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ

PunjabKesari

ਪਹਿਲਾਂ ਅੰਗਰੇਜ਼ਾਂ ਨੇ ਲੁੱਟਿਆ, ਹੁਣ ਭਾਜਪਾ ਲੁੱਟ ਰਹੀ ਹੈ ਕਿਸਾਨਾਂ ਨੂੰ
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਰਨੈਲ ਬਦਰਾ, ਰੂਪ ਛੰਨਾ, ਬਲੌਰ ਛੰਨਾ ਨੇ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਲੁੱਟਿਆ, ਹੁਣ ਭਾਜਪਾ ਕਿਸਾਨਾਂ ਨੂੰ ਲੁੱਟ ਰਹੀ ਹੈ। ਭਾਜਪਾ ਦੇ ਆਗੂ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੇ ਹਨ ਪਰ ਅਸੀਂ ਮਰ ਜਾਵਾਂਗੇ, ਆਪਣੀ ਇਕ ਇੰਚ ਜ਼ਮੀਨ ਵੀ ਖੋਹਣ ਨਹੀਂ ਦਿਆਂਗੇ। ਕਿਸਾਨ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਮੋਦੀ ਸਰਕਾਰ ਕੰਨਾਂ 'ਚ ਰੂੰ ਪਾਈ ਬੈਠੀ ਹੈ। ਕਿਸਾਨਾਂ ਨੇ ਚੱਕੇ ਜਾਮ ਵੀ ਕਰ ਲਏ ਹਨ। ਹੁਣ ਅਸੀਂ ਦਿੱਲੀ ਦਾ ਘਿਰਾਓ ਵੀ ਕਰਾਂਗੇ। ਜਦੋਂ ਤੱਕ ਇਹ ਖੇਤੀਬਾੜੀ ਬਿਲ ਵਾਪਸ ਨਹੀਂ ਲਿਆ ਜਾਂਦਾ, ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ 'ਤੇ ਦਰਸ਼ਨ ਚੀਮਾ, ਜਰਨੈਲ ਬਦਰਾ, ਦਰਸ਼ਨ ਭੈਣੀ ਮਹਿਰਾਜ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਕਿਸਾਨ ਅਤੇ ਔਰਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਲਈ ਸ਼ਾਨਦਾਰ ਤੋਹਫ਼ਾ, 20 ਤੋਂ 3 ਸ਼ਹਿਰਾਂ ਲਈ ਸ਼ੁਰੂ ਹੋਵੇਗੀ ਸਪਾਈਸ ਜੈੱਟ ਫਲਾਈਟ ਸਰਵਿਸ

PunjabKesari


author

Anuradha

Content Editor

Related News