ਧਰਨੇ ਤੋਂ ਬਾਅਦ ਕਿਸਾਨਾਂ ਨੇ ਖੋਲ੍ਹਿਆ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ, ਆਵਾਜਾਈ ਹੋਈ ਬਹਾਲ
Monday, Oct 11, 2021 - 04:51 PM (IST)
ਜਲੰਧਰ (ਵੈੱਬ ਡੈਸਕ, ਮਹੇਸ਼) — ਪੰਜਾਬ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਖ਼ਿਲਾਫ਼ ਪੀ. ਏ. ਪੀ. ਚੌਂਕ ਕੋਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਨੇੜੇ ਲਾਇਆ ਗਿਆ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਧਰਨਾ ਚੁੱਕਣ ਦੇ ਬਾਅਦ ਇਸ ਰਸਤੇ ਤੋਂ ਜਾਣ ਵਾਲੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੁਖੀ ਮਨਦੀਪ ਸਮਰਾ ਸਮੇਤ ਮੁੱਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਜ਼ਿਲ੍ਹਾ ਯੂਥ ਮੁਖੀ ਅਮਰਜੋਤ ਸਿੰਘ ਨੇ ਦੱਸਿਆ ਕਿ ਕਿਸਾਨ ਸਵੇਰੇ 10 ਵਜੇ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਹ ਧਰਨਾ ਕਰੀਬ 2 ਘੰਟੇ ਜਾਰੀ ਰਿਹਾ। ਕਈ ਪਿੰਡਾਂ ਤੋਂ ਕਿਸਾਨ ਟਰੈਕਟਰ-ਟਰਾਲੀਆਂ ’ਤੇ ਇਥੇ ਆਏ ਅਤੇ ਟ੍ਰੈਫਿਕ ਨੂੰ ਜਾਮ ਕੀਤਾ।
ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਧਰਨਾ ਪ੍ਰਦਰਸ਼ਨ ’ਤੇ ਪਹੁੰਚ ਕੇ ਪੀ. ਐੱਸ. ਪੀ. ਸੀ. ਐੱਲ. ਉੱਤਰੀ ਚੀਫ਼ ਦੇ ਇੰਜੀਨੀਅਰ ਜਤਿੰਦਰ ਦਨਿਆਲ ਨੇ ਭਰੋਸਾ ਦਿੱਤਾ ਕਿ ਇਹ ਕੱਟ ਇਸੇ ਤਰ੍ਹਾਂ ਦੋ ਦਿਨ ਰਹਿਣਗੇ, ਜਿਸ ਤੋਂ ਬਿਜਲੀ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਵੀ ਸੜੀਆਂ
ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਯੂਨੀਅਨ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਸੀ ਕਿ ਟ੍ਰੈਫਿਕ ਜਾਮ ਕਿੰਨੇ ਵਜੇ ਤੱਕ ਰਹੇਗਾ। ਇਸ ਦੌਰਾਨ ਭਾਰਤੀ ਕਿਸਾਨ ਰਾਜੇਵਾਲ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਕਤੀ ਸਦਨ ਦੇ ਬਾਹਰ ਧਰਨਾ ਲਗਾ ਕੇ ਚੀਫ਼ ਇੰਜੀਨੀਅਰ ਨੂੰ ਇਕ ਮੈਮੋਰੰਡਮ ਵੀ ਦਿੱਤਾ।
ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ
ਇਸ ਧਰਨੇ ਦੌਰਾਨ ਸਮੱਸਿਆ ਇਹ ਰਹੀ ਸੀ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਕਿਸਾਨ ਹੜ੍ਹਤਾਲ ਕਿੰਨੀ ਦੇਰ ਤੱਕ ਕਰਨ ਵਾਲੇ ਹਨ। ਇਸ ਧਰਨੇ ਕਾਰਨ ਜਲੰਧਰ ਤੋਂ ਅੰਮ੍ਰਿਤਸਰ, ਬਟਾਲਾ, ਪਠਾਨਕੋਟ, ਲੁਧਿਆਣਾ, ਜੰਮੂ ਆਦਿ ਦੀ ਸੇਵਾ ਵੀ ਪ੍ਰਭਾਵਿਤ ਹੋਈ। ਹਾਲਾਂਕਿ ਕਿਸਾਨਾਂ ਦੇ ਧਰਨੇ ਦੇ ਸੱਦੇ ਦੌਰਾਨ ਸੋਮਵਾਰ ਸਵੇਰ ਤੋਂ ਜਲੰਧਰ ਬੱਸ ਅੱਡੇ ’ਤੇ ਯਾਤਰੀਆਂ ਦੀ ਘਾਟ ਵੀ ਵੇਖੀ ਗਈ ਪਰ ਹੁਣ ਧਰਨਾ ਚੁੱਕਣ ਤੋਂ ਬਾਅਦ ਸਥਿਤੀ ਆਮ ਹੋ ਗਈ ਹੈ ਅਤੇ ਟ੍ਰੈਫਿਕ ਵੀ ਚਾਲੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ